ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ ,
ਉੱਗੀ ਵਿੱਚ ਉਜਾੜਾਂ ।
ਜਾਂ ਉੱਡਦੀ ਬਦਲੋਟੀ ਕੋਈ,
ਵਰ ਗਈ ਵਿੱਚ ਪਹਾੜਾਂ ।
ਜਾਂ ਉਹ ਦੀਵਾ ਜਿਹੜਾ ਬਲਦਾ,
ਪੀਰਾਂ ਦੀ ਦੇਹਰੀ ਤੇ,
ਜਾਂ ਕੋਈ ਕੋਇਲ ਕੰਠ ਜਿਦ੍ਹੇ ਦੀਆਂ,
ਸੂਤੀਆਂ ਜਾਵਣ ਨਾੜਾਂ ।
ਜਾਂ ਚੰਬੇ ਦੀ ਡਾਲੀ ਕੋਈ,
ਜੋ ਬਾਲਣ ਬਣ ਜਾਏ,
ਜਾਂ ਮਰੂਏ ਦਾ ਫੁੱਲ ਬਸੰਤੀ,
ਜੋ ਠੁੰਗ ਜਾਣ ਗੁਟਾਰਾਂ ।
ਜਾਂ ਕੋਈ ਬੋਟ ਕਿ ਜਿਸਦੇ ਹਾਲੇ
ਨੈਣ ਨਹੀਂ ਸਨ ਖੁੱਲੇ,
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ ।
ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ ,
ਉੱਗੀ ਕੀਤੇ ਕੁਰਾਹੇ ।
ਨਾਂ ਕਿਸੇ ਮਾਲੀ ਸਿੰਜਿਆ ਮੈਨੂੰ
ਨਾਂ ਕੋਈ ਸਿੰਜਣਾ ਚਾਹੇ ।
ਯਾਦ ਤੇਰੀ ਦੇ ਉੱਚੇ ਮਹਿਲੀਂ,
ਮੈਂ ਬੈਠੀ ਪਈ ਰੋਵਾਂ,
ਹਰ ਦਰਵਾਜ਼ੇ ਲੱਗਾ ਪਹਿਰਾ,
ਆਵਾਂ ਕਿਹੜੇ ਰਾਹੇ ?
ਮੈਂ ਉਹ ਚੰਦਰੀ ਜਿਸਦੀ ਡੋਲੀ,
ਲੁੱਟ ਲਈ ਆਪ ਕਹਾਰਾਂ,
ਬੰਨਣ ਦੀ ਥਾਂ ਬਾਬਲ ਜਿਸ ਦੇ,
ਆਪਾ ਕਲੀਰੇ ਲਾਹੇ ।
ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ ।
ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ,
ਉੱਗੀ ਵਿੱਚ ਜੋ ਬੇਲੇ,
ਨਾਂ ਕੋਈ ਮੇਰੇ ਛਾਂਵੇ ਬੈਠੇ,
ਨਾਂ ਪੱਤ ਖਾਵਣ ਲੇਲੇ ।
ਮੈਂ ਰਾਜੇ ਦੀ ਬਰਦੀ ਅੜਿਆ,
ਤੂੰ ਰਾਜੇ ਦਾ ਜਾਇਆ,
ਤੂੰਹੀਓਂ ਹੀ ਦੱਸ ਕੇ ਮੋਹਰਾਂ ਸਾਂਵੇ
ਮੁੱਲ ਕੀ ਖੋਵਣ ਧੇਲੇ ?
ਸਿਖਰ ਦੁਪਿਹਰਾਂ ਜੇਠ ਦੀਆਂ ਨੂੰ
ਸਾਉਣ ਕਿਂਵੇਂ ਮੈਂ ਆਖਾਂ
ਚੌਹੀਂ ਕੂਟੀ ਭਾਂਵੇ ਲੱਗਣ
ਲੱਖ ਤੀਆਂ ਦੇ ਮੇਲੇ ।
ਤੇਰੀ ਮੇਰੀ ਪ੍ਰੀਤ ਦਾ ਅੜਿਆ
ਓਹੀਓ ਹਾਲ ਸੂ ਹੋਇਆ,
ਜਿਓਂ ਚ੍ਕਵੀ ਪਹਿਚਾਣ ਨਾ ਸਕੇ
ਚੰਨ ਚੜ੍ਹਿਆ ਦਿਹੁੰ ਵੇਲੇ ।
ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ,
ਉੱਗੀ ਵਿੱਚ ਜੋ ਬਾਗਾਂ ।
ਮੇਰੇ ਮੁੱਢ ਬਣਾਈ ਵਰਮੀ
ਕਾਲੇ ਫਨੀਅਰ ਨਾਗਾਂ ।
ਮੈਂ ਮੁਰਗਾਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ
ਜਾਂ ਕੋਈ ਲਾਲ੍ਹੀ ਪੈਰ ਸੰਧੂਰੀ
ਨੋਚ ਲਏ ਜਿਦ੍ਹੇ ਕਾਗਾਂ ।
ਜਾਂ ਸੱਸੀ ਦੀ ਭੈਣ ਵੇ ਦੂਜੀ
ਕੰਮ ਜਿਦ੍ਹਾ ਬੱਸ ਰੋਣਾ
ਲੁੱਟ ਖੜਿਆ ਜਿਦ੍ਹਾ ਪੁੰਨੂ ਹੋਤਾਂ
ਪਰ ਆਈਆਂ ਨਾ ਜਾਗਾਂ ।
ਬਾਗਾਂ ਵਾਲਿਆ ਤੇਰੇ ਬਾਗੀਂ
ਹੁਣ ਜੀ ਨਹੀਓਂ ਲਗਦਾ,
ਖਲੀ-ਖਲੋਤੀ ਮੈਂ ਵਾੜਾਂ ਵਿਚ
ਸੌ ਸੌ ਦੁਖੜੇ ਝਾਗਾਂ ।

0 comments:
Post a Comment