,

ਮਿਰਜ਼ਾ
















ਤੇਰੀ ਵੀ ਅੱਖ ਸੁਣਿਆ ਹੈ ਸੁਰਮਾ ਨਹੀਂ ਝੱਲਦੀ
ਸੁਣਿਆ ਤੇਰੇ ਵੀ ਵਾਲਾਂ ਤੋਂ ਕੰਘੀ ਤ੍ਰੱਭਕਦੀ ਹੈ
ਤੇ ਸੁਣਿਆ ਮੇਰਾ ਵੀ ਕਤਲ ਇਤਿਹਾਸ ਦੇ ਔਂਦੇ ਸਫ਼ੇ ‘ਤੇ ਲਿਖਿਆ ਹੈ।
ਪਰ ਸ਼ਾਇਦ ਹੁਣ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ
ਹੋ ਸਕਦਾ ਤੈਨੂੰ ਕਢਣ ਤੋਂ ਪਹਿਲਾਂ ਮੈਨੂੰ ਰੋਟੀ ਉਧਾਲ ਲਏ
ਤੇ ਜਾਂ ਮੈਂ ਜੰਡ ਦੀ ਬਜਾਏ ਕਿਸੇ ਕੁਰਸੀ ਦੇ ਥਲੇ ਜਾਗਦਾ ਹੀ ਵੱਢ ਦਿੱਤਾ ਜਾਵਾਂ-
ਹੋ ਸਕਦਾ ਕਿ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ।
ਮੈਂ ਸੁਣਿਆ ਮੇਰੇ ਕਤਲ ਦਾ ਮਨਸੂਬਾ ਰਾਜਧਾਨੀ ਵਿਚ
ਮੇਰੇ ਜੰਮਣ ਤੋਂ ਬਹੁਤ ਪਹਿਲਾਂ ਹੀ ਬਣ ਚੁਕਿਆ ਸੀ
ਤੇ ਪੀਲੂ ਸ਼ਾਇਰ ਅੱਜ ਕੱਲ ਵਿਸ਼ਵ-ਵਿਦਿਆਲੇ ਵਿਚ ਨੌਕਰੀ ਤੇ ਲਗ ਗਿਆ ਹੈ
ਸ਼ਾਇਦ ਉਹ ਮੇਰੇ ਕਤਲ ਨੂੰ ਨਿਗੂਣੀ ਜਿਹੀ ਘਟਨਾ ਕਰਾਰ ਦੇਵੇ ਤੇ
ਸ਼ਤਾਬਦੀਆਂ ਲਈ ਕਿਰਾਏ ਦੀਆਂ ਨਜ਼ਮਾ ਰਹੇ ਲਿਖਦਾ
ਤੇ ਪਹਿਲਾਂ ਵਾਂਗ ਹੁਣ ਕੁਝ…।
ਮੇਰੇ ਕੋਲ ਤੀਰ ਹੁਣ ਕਾਗ਼ਜ ਦੇ ਹਨ ਜੋ ਪੰਜ ਸਾਲਾਂ ਵਿਚ ਇਕ ਹੀ ਚਲਦਾ ਹੈ
ਤੇ ਜਿਹਦੇ ਵੱਜਦਾ ਹੈ ਉਹ ਪਾਣੀ ਨਹੀਂ ਮੇਰਾ ਲਹੂ ਮੰਗਦਾ ਹੈ।
ਮੇਰੇ ਪਿਓ ਦਾਦੇ ਨੇ ਆਪਣਾ ਖੱਟਿਆ ਹਾਕਮਾਂ ਦੇ ਢਿੱਡ ਚ ਪਾਇਆ ਸੀ
ਅਤੇ ਤੂੰ ਜਾਣਦੀ ਹੈ ਅਗਲੇ ਬਾਘ ਹਨ- ਬੱਕੀ ਨਹੀਂ ਕਿ ਸਾਨੂੰ ਦਾਨਾਬਾਦ ਪਹੁੰਚਾਣ ਜਾਵਣ
ਸਮੇਂ ਦਾ ਗੇੜ ਹੁੰਦੈ-ਐਤਕੀਂ ਤੂੰ ਬੇਵਫ਼ਾ ਨਹੀਂ ਬਣਦੀ
ਤੇ ਮੈਂ ਭਰਾਵਾਂ ਦੇ ਹੁੰਦੇ ਸੁੰਦੇ ਉਨਾ ਦੇ ਸਾਹਮਣੇ ਹੀ ਮਾਰਿਆ ਜਾਣਾ ਹੈ।
ਏਸੇ ਲਈ ਮੈਂ ਕਹਿੰਦਾ ਹਾਂ ਕਿ ਸ਼ਾਇਦ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ।
-ਪਾਸ਼

2 comments:

  • navjotpal   May 6, 2012 at 5:05 AM

    arse pehlan likhian gayian pash diyan sb kavitavan ajj de samaj da nanga sach han..
    waqt agaanh jarur langh aea, pr vichle halaat ohi han te ohi rehnge!

  • Unknown   August 2, 2012 at 9:03 AM

    pash ta ik soch hai.oh kade vi maria nahi

Post a Comment