,

ਗ਼ਜ਼ਲ - ਪੱਤਝੜ ਦੀ ਪਾਜ਼ੇਬ ਵਿਚੋਂ
















ਇਸ ਤਰਾਂ ਹੈ ਜਿਸ ਤਰਾਂ ਦਿਨ ਰਾਤ ਵਿਚਲਾ ਫ਼ਾਸਿਲਾ ।
ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫ਼ਾਸਿਲਾ ।

ਲਫ਼ਜ਼ ਤਾਂ ਸਾਊ ਬਹੁਤ ਨੇ, ਯਾ ਖ਼ੁਦਾ ਬਣਿਆ ਰਹੇ
ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫ਼ਾਸਿਲਾ ।

ਹਾਂ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ
ਹਾਇ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫ਼ਾਸਿਲਾ ।

ਜੇ ਬਹੁਤ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ
ਰਿਸ਼ਤਿਆਂ ਤੇ ਰਿਸ਼ਤਿਆਂ ਦੇ ਘਾਤ ਵਿਚਲਾ ਫ਼ਾਸਿਲਾ ।

ਧਰਮ ਹੈ, ਇਖ਼ਲਾਕ ਹੈ, ਕਾਨੂੰਨ ਹੈ, ਇਹ ਕੌਣ ਹੈ
ਮੇਰਿਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫ਼ਾਸਿਲਾ ।

ਉਸਦੀਆਂ ਗੱਲਾਂ ਸੁਣੋ ਕੀ ਰੰਗ ਕੀ ਕੀ ਰੌਸ਼ਨੀ
ਹਾਇ ਪਰ ਕਿਰਦਾਰ ਤੇ ਗਲਬਾਤ ਵਿਚਲਾ ਫ਼ਾਸਿਲਾ ।

ਜ਼ਹਿਰ ਦਾ ਪਿਆਲਾ ਮੇਰੇ ਹੋਂਠਾਂ ਤੇ ਆ ਕੇ ਰੁਕ ਗਿਆ
ਰਹਿ ਗਿਆ ਮੇਰੇ ਅਤੇ ਸੁਕਰਾਤ ਵਿਚਲਾ ਫ਼ਾਸਿਲਾ ।

0 comments:

Post a Comment