,

ਰੰਗੀਨ ਉਜਾਲੇ














ਦੁਨੀਆਂ ਤੋਂ ਬੇਖ਼ਬਰ ਮੈਨੂੰ
ਹਨੇਰਿਆਂ 'ਚ ਰੋ ਲੈਣ ਦੇ
ਮੇਰੇ ਹੰਝੂਆਂ ਦੀ ਨੁਮਾਇਸ਼ ਲਈ
ਰੰਗੀਨ ਉਜਾਲੇ ਨਾ ਕਰ ।

ਦਰਦਾਂ ਨਾਲ ਪਾਕੇ ਪ੍ਰੀਤ ਮੈਂ
'ਕੱਲਿਆਂ ਰਹਿਣਾ ਸਿਖ ਲਿਆ
ਮਰ ਜਾਵਾਂਗਾ ਐਵੇਂ ਮੈਨੂੰ
ਭੀੜ੍ਹ ਦੇ ਹਵਾਲੇ ਨਾ ਕਰ ।

ਡਿੱਗ ਜਾਂਦੀਆਂ ਨੇ ਪਹਿਲੇ ਹੁਲਾਰੇ
ਤਾਂ ਇਨ੍ਹਾ ਤੋਂ ਹਟਵਾਂ ਬਹਿੰਦਾ ਹਾਂ
ਸੋਹਰਤ ਦੀਆਂ ਕੰਦਾਂ 'ਤੇ, ਮੇਰੇ ਲਈ
ਮਹਿਲ ਬਣਾਉਣ ਦੇ ਉਪਰਾਲੇ ਨਾ ਕਰ ।

ਬਣਨਾ ਨਹੀਂ ਚਾਹੁੰਦਾ ਮੈਂ ਕਿਸੇ
ਮਸ਼ਹੂਰ ਅਖਬਾਰ ਦੀ ਸੁਰਖੀ,
ਕੋਈ ਸਵਾਦੀ ਵਿਅੰਜਨ ਸਮਝਕੇ
ਮੇਰੀ ਜਿੰਦਗੀ 'ਚ ਮਸਾਲੇ ਨਾ ਭਰ ।

ਮੇਰੇ ਕੋਲ ਜਵਾਬਾਂ ਦੀ ਛੱਤਰੀ ਨਹੀਂ
ਹੇ ਸਮਾਜ ਦੇ ਪੜੇ ਲਿਖੇ ਬੱਦਲ,
ਸਵਾਲਾਂ ਦਾ ਤੇਜਾਬੀ ਮੀਂਹ ਪਾ ਕੇ
ਮੇਰੀ ਰੂਹ ਤੇ ਛਾਲੇ ਨਾ ਕਰ ।

ਮੈਂ ਨਹੀ ਚਾਹੁੰਦਾ ਮੇਰਾ ਦਰਦ
ਕਰੇ ਕਿਸੇ ਦਾ ਮਨੋਰੰਜਣ, ਮੀਤ
ਮੇਰੇ ਲਹੂ 'ਚ ਡੋਬ ਕੇ ਕਲਮ
ਐਵੇਂ ਕਿਤਾਬਾਂ ਰਸਾਲੇ ਨਾ ਭਰ ।

0 comments:

Post a Comment