ਬਹਾਦਰ ਜੋ ਮਰਨੇ ਤੋਂ ਡਰਦਾ ਨਹੀਂ ਹੈ।
ਜਦੋਂ ਮਰ ਉਹ ਜਾਏ ਤਾ ਮਰਦਾ ਨਹੀਂ ਹੈ।
ਵਿਗੜਨੇ ਦੀ ਚਿੰਤਾ ਜੋ ਕਰਦਾ ਨਹੀਂ ਹੈ।
ਕਦੇ ਵੀ ਉਹ ਬੰਦਾ ਸੰਵਰਦਾ ਨਹੀਂ ਹੈ।
ਗੁਜ਼ਰਦਾ ਉਹ ਭਾਵੇਂ ਨਜ਼ਰ ਆ ਰਹਿਆ ਏ
ਸਮਾਂ ਤੇਰੇ ਬਾਝੋਂ ਗੁਜ਼ਰਦਾ ਨਹੀਂ ਹੈ।
ਤਿਰੀ ਲੋੜ ਏਧਰ ਤੇਰੀ ਲੋੜ ਓਧਰ
ਤਿਰੇ ਬਾਝ ਕਿਧਰੇ ਸਰਦਾ ਨਹੀਂ ਹੈ।
ਓ ਚੁਕਦੇ ਨਹੀਂ ਘੁੰਡ ਪਰ ਕਹਿ ਰਹੇ ਨੇ
ਤਿਰੇ ਮੇਰੇ ਵਿਚ ਕੋਈ ਪਰਦਾ ਨਹੀਂ ਹੈ।
ਪਤੰਗਾ ਨ ਜਦ ਤੀਕ ਅਗ ਨਾਲ ਖੇਡੇ
ਕਲੇਜਾ ਪਤੰਗੇ ਦੀ ਠਰਦਾ ਨਹੀਂ ਹੈ।
ਮੁਹੱਬਤ ਦੀ ਰਸਤਾ ਅਨੋਖਾ ਹੈ ਜਿਸ ਵਿਚ
ਭਰੋਸਾ ਕਿਸੇ ਰਾਹਬਰ ਦਾ ਨਹੀਂ ਹੈ।
ਧੁਰੋਂ ਉਹਨੂੰ ਮਿਲਿਆ ਏ ਖ਼ਾਲੀ ਲਫ਼ਾਫ਼ਾ
ਕਸੂਰ ਇਹਦੇ ਵਿਚ ਨਾਮਾਬਰ ਦਾ ਨਹੀਂ ਹੈ।
ਰਕੀਬਾਂ ਨੇ ਕੀ ਫ਼ੈਜ਼ ਪਾਉਣਾ ਸੀ ਤੈਥੋਂ
ਕਦੇ ਪਾਣੀ ਵਿਚ ਲੋਹਾ ਤਰਦਾ ਨਹੀਂ ਹੈ।
ਪਿਲਾਏ ਨੇ ਸਾਕੀ ਨੇ ਭਰ ਕਰ ਪਿਆਲੇ
ਮਿਰਾ ਦਿਲ ਅਜੇ ਤੀਕ ਭਰਦਾ ਨਹੀਂ ਹੈ।
ਅਮਰ ਹੋਣ ਦੀ ਚਾਹ ‘ਹਮਦਰਦ’ ਮਾਰੇ
ਕਿਸੇ ਤੇ ਕੋਈ ਐਵੇਂ ਮਰਦਾ ਨਹੀਂ ਹੈ।

0 comments:
Post a Comment