ਮੁੱਕ ਗਏ ਤਾਂ ਬੰਦਾ ਮੁੱਕੇ ।
ਅੱਖਾਂ ਦੇ ਵਿਚ ਹੰਝੂ ਸੁੱਕੇ ।
ਤੇਰੇ ਤੀਕਰ ਪਹੁੰਚ ਸਕੇ ਨਾ
ਸੁੱਕ ਗਏ ਜੇਬਾਂ ਵਿਚ ਰੁੱਕੇ ।
ਦਿਨ ਭਰ ਸੰਸੇ ਲੜਦੇ ਭਿੜਦੇ
ਰਾਤ ਪਈ ਤਾਂ ਸੁਪਨੇ ਬੁੱਕੇ।
ਤੀਰ ਅੰਦਾਜ਼ੀ ਭੁੱਲ ਭੁਲਾਈ
ਸਹਿਵਨ ਲਗ ਜਾਂਦੇ ਨੇ ਤੁੱਕੇ ।
ਪਲ ਪਲ ਧੁੱਪ ਸਿਓਂਕੀ ਜਾਵੇ
ਇੱਲ ਬਤੌਰੀ ਚੰਨ ਤੇ ਥੁੱਕੇ ।
ਸ਼ਾਹਾਂ ਦੀ ਅਸਵਾਰੀ ਕਾਇਮ
ਲੜ ਲੜ ਮੋਏ ਇੱਕੇ ਦੁੱਕੇ ।
ਖ਼ੁਰ ਚੱਲੇ ਵਿਸ਼ਵਾਸ ਤਰੇੜੇ
ਹੌਂਕਣ ਸਾਹਾਂ ਵਾਲੇ ਹੁੱਕੇ ।
ਤਿੜਕ ਗਏ ਮਸਨੂਈ ਚਿਹਰੇ
ਸਾਏ ਰੱਤ ਬਰੱਤੇ ਟੁੱਕੇ ।
ਸੁੰਨੀਆਂ ਦੇਖ ਬਰੂਹਾਂ ਪਈਆਂ
ਗੰਨੀਆਂ ਦੇ ਘਰ ਹੰਝੂ ਢੁੱਕੇ ।
ਬੈਠ ਗਿਆ ਅੱਖਾਂ ਵਿਚ ਅੰਬਰ
ਪਲਕਾਂ ਨੇ ਕੁਝ ਚਿੱਤਰ ਚੁੱਕੇ ।
ਤੂੰ ਜ਼ਖ਼ਮਾਂ ਤੇ ਲੂਣ ਬਰੂਰੇਂ
ਤੂੰ ਰੋਟੀ ਤੇ ਮਹੁਰੇ ਭੁੱਕੇ ।
ਪਿੰਡ ਦਿਨੇ ਨਾ ਲਾਰੀ ਜਾਂਦੀ
ਰਾਤ ਪਈ ਲੈ ਜਾਣ ਘੜੁੱਕੇ ।
ਸੌ ਸੌ ਵਾਰ ਗਿਣਾ ਲੈ ਸੌ ਨੂੰ
ਛੇ ਵੀਹਾਂ ਨੇ ਉੱਕੇ ਪੁੱਕੇ ।
ਪਿੰਡ ਕਦੇ ਨਾ ਟੱਕਰ ਖਾਧੀ
ਨਾ ਗੱਡੇ ਵਿਚ ਗੱਡੇ ਠੁੱਕੇ ।
ਪਲ ਪਲ ਸਹਿਣਾ ਜੇ ਪੈਣਾ ਹੈ
ਕੋਈ ਕਿਉਂਕਰ ਕਹਿਣੋਂ ਉੱਕੇ ।

0 comments:
Post a Comment