ਜਾਦੂਗਰ ਨੇ ਖੇਲ੍ਹ ਰਚਾਇਆ ।
ਮਿੱਟੀ ਦਾ ਇਕ ਬੁੱਤ ਬਣਾਇਆ ।
ਫੁੱਲਾਂ ਵਾਂਗ ਹਸਾ ਕੇ ਉਸ ਨੂੰ,
ਦੁਨੀਆਂ ਦੇ ਵਿਚ ਨਾਚ ਨਚਾਇਆ ।
ਭੁੱਲ ਗਇਆ ਉਹ ਹਸਤੀ ਅਪਣੀ,
ਵੇਖ ਵੇਖ ਖਰਮਸਤੀ ਅਪਣੀ ।
ਹਾਸੇ ਹਾਸੇ ਵਿਚ ਲੁਟਾ ਲਈ,
ਇਕ ਕਾਇਆ ਦੀ ਬਸਤੀ ਅਪਣੀ ।
ਹੁਣ ਪਛਤਾਏ ਹੋਣਾ ਕੀ ।
ਬੀਤ ਗਈ ਤੇ ਰੋਣਾ ਕੀ।
ਦੁਨੀਆਂ ਹੈ ਦਰਿਆ ਇਕ ਵਗਦਾ,
ਹਾਥ ਜੇਹਦੀ ਦਾ ਥਹੁ ਨਹੀਂ ਲਗਦਾ ।
ਇਕ ਕੰਢੇ ਤੇ ਦਿਸੇ ਹਨੇਰਾ,
ਦੀਵੇ ਵਾਲੇ ਜਾਗ ਉਹ ਭਾਈ ।
ਤੇਰੇ ਘਰ ਨੂੰ ਢਾਹ ਹੈ ਲਾਈ ।
ਸਾਹਵੇਂ ਦਿਸਿਆ ਜਦੋਂ ਹਨੇਰ,
ਓਦੋਂ ਤੈਨੂੰ ਜਾਗ ਨਾ ਆਈ ।
ਹੁਣ ਇਹ ਬੂਹਾ ਢੋਣਾ ਕੀ ।
ਬੀਤ ਗਈ ਤੇ ਰੋਣਾ ਕੀ।
ਹੱਸਦਾ ਫੁੱਲ ਗਵਾਇਆ ਏ ਤੂੰ।
ਦੀਵਾ ਤੋੜ ਬੁਝਾਇਆ ਏ ਤੂੰ ।
ਆਪ ਜਗਾਵੇਂ ਆਪ ਬੁਝਾਵੇਂ,
ਏਸੇ ਵਿਚ ਚਿਤ ਲਾਇਆ ਏ ਤੂੰ ।
ਘੜੀਆਂ ਆਪ ਬਣਾਵੇਂ ਢਾਵੇਂ ।
ਤੇਰਾ ਮਨ ਕਿਉਂ ਗੋਤੇ ਖਾਵੇ ।
ਸ਼ੈ ਵਾਲਾ ਜੇ ਸ਼ੈ ਲੈ ਜਾਵੇ ।
ਤਾਂ ਤੇਰਾ ਉਹ ਕੀ ਲੈ ਜਾਵੇ ।
ਉਸ ਤੋਂ ਫੇਰ ਲੁਕੌਣਾ ਕੀ ।
ਬੀਤ ਗਈ ਤੇ ਰੋਣਾ ਕੀ।

0 comments:
Post a Comment