ਫਾੜੀ ਕੁ ਅਚਾਰ ਦੀ ,
ਦੋ ਟੁੱਕ ਰੋਟੀਆਂ ਦੇ,
ਲਏ ਜੋ ਨਿਵਾਲੇ ਅਸਾਂ ਖਾ ।
ਸਾਡੀ ਭੁੱਖ ਮਾਈ ਦਾ,
ਮਨ ਹਾਲੇ ਰੱਜਿਆ ਨਾ,
ਢਿੱਡ ਬਾਪੂ ਰਿਹਾ ਕੁਰਲਾ ।।
ਅੱਠੀਂ ਪਹਿਰੀਂ ਲੱਕ-ਤੋੜ,
ਮਿਹਨਤਾਂ ਦੇ ਮਗਰੋਂ,
ਅੱਥੀ ਰੋਟੀ ਹੁੰਦੀ ਹੈ ਨਸੀਬ ।
ਜੱਗ ਨੂੰ ਬਚਾਉਣ ਵਾਲੇ,
ਬੋਥਕਾਂ ਦੇ ਮੋਢਿਆਂ ਤੇ,
ਜੱਗ ਜਿਵੇਂ ਧਰਦਾ ਸਲੀਬ ।।
ਸਾਡੇ ਪਿੰਡ ਵੇਸਵਾ ਦੇ,
ਵਾਕਣ ਏ ਫਿਰਦੀ,
ਕਾਮ-ਵੱਸ ਭੁੱਖ ਮੁਟਿਆਰ ।
ਲੁੱਟਦੇ ਹੀ ਆਏ ਜਿਹਨੂੰ,
ਰੂਪ ਦੇ ਸ਼ਿਕਾਰੀ,
ਹਿੱਕ ਉੱਤੇ ਰੱਖਕੇ ਕਟਾਰ ।।
ਜਿਸਮਾਂ ਦੀ ਗੰਦੀ ਬੂ,
ਬੌਣਿਆਂ ਦਿਮਾਗਾਂ ਨਾਲ,
ਸਾਡੀ ਗਲੀ ਆਣਕੇ ਵੜੀ
ਕਰਦੀ ਏ ਸਾਡੇ ਨਾਲ,
ਮੁੱਲ ਸਾਡੀ ਇਸਮਤ ਦਾ,
ਦਰਾਂ ਮੂਹਰੇ ਆਣਕੇ ਖੜੀ ।
ਮਾਣ ਮੱਤੇ ਚਾਅ ਸਾਡੇ,
ਰੌਣ ਬੁੱਲ ਚਿੱਥ ਕੇ,
ਸੋਚਦੇ ਨੇ ਗੱਲ ਕੀ ਬਣੀ ।
ਓਸ ਤੋਂ ਹਨੇਰ ਵੱਧ,
ਲੋਕਾ ਇਸ ਗੱਲ ਦਾ ਊ,
ਇਹ ਤਾਂ ਸਾਡੀ ਕੁੱਖ ਦੀ ਜਣੀ ।।
ਰਿਸ਼ਮਾਂ ਨੂੰ ਪੁਣਿਆ ਏ,
ਅੰਬਰਾਂ ਨੂੰ ਛਾਣਿਆ,
ਬੁੱਧੀ ਦਾ ਨਾ ਸ਼ਿਕਰਾ ਮਿਲੇ ।
ਨਿੱਤ ਨੈਣ ਆਪਣੇ,
ਕਰੀਏ ਸੁਲਾਬੇ ਜਿਹੇ,
ਮੜ ਰੱਖੇ ਸ਼ਿਕਵੇ ਗਿਲੇ ।।
ਠਾਣੇ ਨਾ ਅਦਾਲਤਾਂ ,
ਸੁਣੇ ਨਾ ਗਰੀਬ ਦੀ,
ਕਰੀਏ ਕੀ ਹੱਕਾਂ ਲਈ ਅਪੀਲ ।
ਨੋਚਦੇ ਹਾਂ ਅਸੀਂ ,
ਰੋਟੀ ਤਕਦੀਰ ਕੋਲੋਂ,
ਸਾਡਾ ਮਾਸ ਹੱਡੀ ਨੋਚਦੇ ਵਕੀਲ ।।
ਫਿਕਰ ਤਾਂ ਸਾਡਾ ਅਜੇ,
ਮੁੱਕਿਆ ਨਾ ਰੋਟੀ ਵਾਲਾ,
ਪੰਧ ਹੋਰ ਕਿਹੜੇ ਊ ਮੁਕਾਉਣੇ ।
ਕਿੰਝ ਸੋਹਲੇ ਗਾਵੇ,
ਹਿਜ਼ਰਾਂ ਚ ਬੈਠੀ ਜਿੰਦ,
ਗਮ ਸਾਡੇ ਨਿੱਤ ਦੇ ਪਰਾਹੁਣੇ ।।
ਪੈਰੋਂ ਲੈਕੇ ਸਿਰ ਤੱਕ,
ਹੋਇਆ ਸਾਡੇ ਦੇਸ ਨੂੰ,
ਹੱਡ ਹਰਾਮ ਦਾ ਕੋਹੜ ।
ਸਾਡਾ ਵੈਰੀ ਹੋਇਆ,
ਦੇਸ ਦਿਆਂ ਰਾਖਿਆਂ ਦਾ,
ਲੋਟੂਆਂ ਦੇ ਨਾਲ ਗਠਜੋੜ ।।
ਉਮਰਾਂ ਦਾ ਪੈਂਡਾ,
ਅਜੇ ਪਿਆ ਏ ਲੰਮੇਰਾ,
ਸਿਰ ਸਾਡੇ ਸੂਰਜ ਨੇ ਸਾੜੇ ।
ਗਿੱਦੜਾਂ ਨੂੰ ਦੇ ਕੇ ,
ਰਖਵਾਲੀਆਂ ਦੇਸ ਦੀਆਂ,
ਘਰਾਂ ਚ ਪੁਵਾਏ ਊ ਪੁਵਾੜੇ ।।
ਮਾਲੀਆਂ ਹੀ ਪੁੱਟ ਸੁੱਟੇ ,
ਵਾੜਾਂ ਵਾਲੇ ਛਾਪੇ,
ਟੱਟੂ ਕਰਦੇ ਨੇ ਰਾਖੀ ਭਾੜੇ ।
ਸੂਤ ਹੀ ਜੇ ਕੱਤੀਏ,
ਏਕੇ ਭਾਈਚਾਰੇ ਵਾਲਾ ,
ਕੱਲੇ-ਕੱਲੇ ਜਾਈਏ ਨਾ ਲਤਾੜੇ ।।
ਸੌਂਕਣ ਅਸਾਂ ਦੀ ਸਾਡੀ,
ਆਪਣੀ ਹੀ ਘੌਲ ਹੈ,
ਅਸੀਂ ਇੱਕਮੁੱਠ ਕਦੇ ਨਾ ਖੜੇ ।
ਮੁੱਕ ਜਾਵੇ ਤੇਰ ਮੇਰ,
ਸਾਡਿਆਂ ਦਿਲਾਂ ਦੇ ਵਿੱਚੋਂ,
ਕੌਣ ਸਾਡੇ ਸਾਹਮਣੇ ਖੜੇ ।।

1 comments:
very nice bhaji...
Post a Comment