ਰੋਜ਼ ਮੈਂ ਤਾਰਾ ਤਾਰਾ ਗਿਣ ਕੇ
ਰਾਤ ਬਿਤਾਉਂਦਾ ਹਾਂ
ਰੋਜ਼ ਮੈਂ ਤੇਰੇ ਸਿਰ ਤੋਂ ਸੂਰਜ
ਵਾਰ ਕੇ ਆਉਂਦਾ ਹਾਂ !
ਜਦ ਰੋਹੀਆਂ ਵਿਚ ਪੰਛੀ ਤੜਕੇ
ਵਾਕ ਕੋਈ ਲੈਂਦਾ ਹੈ
ਮੈਂ ਆਪਣੇ ਸੰਗ ਸੁੱਤਾ ਆਪਣਾ
ਗੀਤ ਜਗਾਉਂਦਾ ਹਾਂ !
ਫਿਰ ਜਦ ਮੈਨੂੰ ਸੂਰਜ ਘਰ ਦੇ
ਮੋੜ ਤੇ ਮਿਲਦਾ ਹੈ
ਨਦੀਏ ਰੋਜ਼ ਨਹਾਵਣ
ਉਹਦੇ ਨਾਲ ਮੈਂ ਜਾਂਦਾ ਹਾਂ !
ਮੈਂ ਤੇ ਸੂਰਜ ਜਦੋਂ ਨਹਾ ਕੇ
ਘਰ ਨੂੰ ਮੁੜਦੇ ਹਾਂ
ਮੈਂ ਸੂਰਜ ਲਈ ਵਿਹੜੇ ਨਿਮ ਦਾ
ਪੀਹੜਾ ਡਾਹੁੰਦਾ ਹਾਂ !
ਮੈਂ ਤੇ ਸੂਰਜ ਬੈਠ ਕੇ ਜਦ ਫਿਰ
ਗੱਲਾਂ ਕਰਦੇ ਹਾਂ
ਮੈਂ ਸੂਰਜ ਨੂੰ ਤੇਰੀ ਛਾਂ ਦੀ
ਗੱਲ ਸੁਣਾਉਂਦਾ ਹਾਂ !
ਛਾਂ ਦੀ ਗੱਲ ਸੁਣਾਉਂਦਾ ਜਦ ਮੈਂ
ਕੰਬਣ ਲਗਦਾ ਹਾਂ
ਮੈਂ ਸੂਰਜ ਦੇ ਗੋਰੇ ਗਲ ਵਿਚ
ਬਾਹਵਾਂ ਪਾਉਂਦਾ ਹਾਂ !
ਫਿਰ ਜਦ ਸੂਰਜ ਮੇਰੇ ਘਰ ਦੀ
ਕੰਧ ਉੱਤਰਦਾ ਹੈ
ਮੈਂ ਆਪਣੇ ਹੀ ਪਰਛਾਵੇਂ ਤੋਂ
ਡਰ ਡਰ ਜਾਂਦਾ ਹਾਂ !
ਮੈਂ ਤੇ ਸੂਰਜ ਘਰ ਦੇ ਮੁੜ
ਪਿਛਵਾੜੇ ਜਾਂਦੇ ਹਾਂ
ਮੈਂ ਉਹਨੂੰ ਆਪਣੇ ਘਰ ਦੀ
ਮੋਈ ਧੁੱਪ ਵਿਖਾਉਂਦਾ ਹਾਂ !
ਜਦ ਸੂਰਜ ਮੇਰੀ ਮੋਈ ਧੁੱਪ ਲਈ
ਅਖੀਆਂ ਭਰਦਾ ਹੈ
ਮੈਂ ਸੂਰਜ ਨੂੰ ਗਲ ਵਿਚ ਲੈ ਕੇ
ਚੁੱਪ ਕਰਾਉਂਦਾ ਹਾਂ !
ਮੈਂ ਤੇ ਸੂਰਜ ਫੇਰ ਚੁਪ ਚੁਪੀਤੇ
ਤੁਰਦੇ ਜਾਂਦੇ ਹਾਂ
ਰੋਜ਼ ਮੈਂ ਉਹਨੂੰ ਪਿੰਡ ਦੀ ਜੂਹ ਤੱਕ
ਤੋਰ ਕੇ ਆਉਂਦਾ ਹਾਂ !
ਰੋਜ਼ ਉਦਾਸਾ ਸੂਰਜ ਨਦੀਏ
ਡੁੱਬ ਕੇ ਮਰਦਾ ਹੈ
ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ
ਸੋਗ ਮਨਾਉਂਦਾ ਹਾਂ !

0 comments:
Post a Comment