,

ਬਚਪਨ
















ਰੋਣਾ ਰੋਕੇ ਮਾਂ ਦੇ ਗਲ ਲੱਗ ਜਾਣਾ ।
ਬਚਪਨ ਹੁੰਦੈ, ਏਦਾਂ ਦਾ ਮਰਜਾਣਾ ।

ਕੌਡਾਂ ਖੇਡਣਾ, ਛੂਹਣ-ਛਪਾਈ,
ਲੁਕਣ-ਮੀਟਣੀ, ਲੁਕ-ਲੁਕ ਮਿੱਟੀ ਖਾਣਾ ।
ਮਾਂ ਦੀਆਂ ਝਿੜਕਾਂ ਸੁਣ ਸੁਣ ਕੇ ਵੀ,
ਮਿੱਟੀ ਵਿੱਚ ਖੇਡਣ ਜਾਣਾ ।

ਟੋਕਰਾ ਤਾਣਕੇ ਚਿੜੀਆਂ ਫੜਨਾ,
ਪੰਛੀਆਂ ਦੇ ਪਰਛਾਵੇਂ ਫੜਨਾ ।
ਰੇਤਾ ਦੇ ਘਰ ਛੱਤਣੇ, ਢਾਹੁਣੇ,
ਤੇ ਢਾਹ ਕੇ ਪਛਤਾਣਾ ।

ਪੈਰੋਂ ਨੰਗੇ, ਢਾਕੋਂ ਨੰਗੇ,
ਪਿੰਡ ਦੀਆਂ ਗਲੀਆਂ ਭਉਣਾ ।
ਦਿਨ ਚੜਦੇ ਹੀ ਘਰੋਂ ਨਿਕਲਣਾ,
ਸ਼ਾਮ ਢਲੀ ਘਰ ਆਣਾ ।

ਹੁਣ ਨਾ ਕਦੇ ਗੁਲੇਲਾਂ ਫੜੀਆਂ,
ਨਾ ਬਨਾਉਟੀ ਫੌਜਾਂ ਲੜੀਆਂ ।
ਨਾ ਹੀ ਸਾਉਣ ਮਹੀਨੇ ਹੋਇਆ,
ਨੰਗੇ ਮੀਂਹ ਵਿੱਚ ਨਾਣਾ ।

ਨਾ ਉਹ ਹਾਸੇ , ਨਾ ਉਹ ਠੱਠੇ,
ਗੁੱਡੇ ਫੂਕਣੇ , ਹੋ ਕੇ ਕੱਠੇ ।
ਨਾ ਡੰਗਰਾਂ ਨੂੰ ਪਾਉਣੇ ਪੱਠੇ,
ਨਾ ਖੁੱਡੇ ਪਾਉਣਾ ਦਾਣਾ ।

ਹੁਣ ਨਾ ਘੜਨੀਆਂ ਪੈਂਦੀਆਂ ਕਲਮਾਂ,
ਹੁਣ ਜ਼ਿੰਦਗੀ ਹਾਂ ਘੜਦੇ ।
ਹੁਣ ਨਾ ਫੱਟੀਆਂ ਪੋਚਣ ਦਾ ਕੰਮ,
ਨਾ ਆੜੀ ਮੰਗੀ-ਮਾਣਾ ।

ਹੁਣ ਜਿਹਨਾਂ ਸੰਗ ਕਿੱਕਲੀ ਪਾਈ,
ਸੰਗ ਖੇਡੀ ਜਿਨਾਂ ਲੁਕਣ ਮਚਾਈ ।
ਉਹਨਾਂ ਦੇ ਵੱਲ ਤੱਕ ਨਹੀਂ ਸਕਦੇ,
ਆਇਆ ਕੇਹਾ ਜ਼ਮਾਨਾ ।
ਬਚਪਨ ਬਚਪਨ ਹੁਣ ਬੱਸ ਕਰ ਕੁਰਲਾਣਾ ,
ਬਚਪਨ ਮੈਨੂੰ ਲੱਗਦੈ ਹੋ ਗਿਆ ਕਾਣਾ ।

ਹੁਣ ਆਪਣੀ ਬੀਹੀ ਦੀ ਜਾਈ,
ਸਭ ਨੂੰ ਲੱਗਦੀ ਸੱਤ ਪਰਾਈ ।
ਮਾਏਂ ਇਹ ਕੇਹੀ ਰੁੱਤ ਆਈ,
ਏਦੂੰ ਚੰਗਾ ਏ ਮਰਜਾਣਾ ।

ਦੱਸ ਮਾਏਂ ਹੁਣ ਕਿਹੜਾ ਜਾਏ ,
ਗਏ ਬਚਪਨ ਨੂੰ ਮੋੜ ਲਿਆਏ ।
ਹਰ ਚਿਹਰਾ ਮੁੜ ਤੋਂ ਮੁਸਕਾਏ,
ਰਹੇ ਨਾ ਕੋਈ ਤਾਹਨਾ ।

ਮਾਏਂ ਫਰਜ਼ੀ ਬੁੱਤਾਂ ਦੇ ਵਿੱਚ ,
ਮਾਂ ਖੋਰੀਆਂ ਰੁੱਤਾਂ ਦੇ ਵਿੱਚ ।
ਹੁਣ ਨਾ ਮੇਰੇ ਕਦਮੀਂ ਲੱਗਦਾ,
ਇੱਕ ਵੀ ਪਲ ਬਿਤਾਣਾ ।

ਸਮਾਂ ਬਦਲਦਾ ਗੱਲ ਸੁਣੀ ਸੀ,
ਬੜੀ ਸਮੇਂ ਦੀ ਭੱਲ ਸੁਣੀ ਸੀ ।
ਏਨਾ ਬਦਲੂ ਪੈ ਜਾਊਗਾ,
ਪਿਆਰ ਨੂੰ ਕਰਜ਼ ਚੁਕਾਣਾ ।

ਮਾਏਂ ਏਸ ਸਮੇਂ ਦੀ ਕੁੱਖੋਂ ,
ਕੁੱਖੋਂ ਕੀ ਇਸ ਸਮੇਂ ਦੇ ਦੁੱਖੋਂ ।
ਕਿੰਨੇ ਸੁਪਨੇ ਮਰ ਗਏ ਮੇਰੇ ,
ਕਿੰਨਿਆਂ ਨੇ ਮਰ ਜਾਣਾ ।

ਕਿੰਨੇ ਸ਼ਬਦ ਦਰਦ ਤੋਂ ਭਾਰੇ ,
ਏਸ ਸਮੇਂ ਦੀ ਜ਼ਿੱਦ ਤੋਂ ਹਾਰੇ ।
ਅਉਧ ਹੰਢਾ ਲਈ ਰਹੇ ਕੁੰਵਾਰੇ ,
ਮੈਂ ਇਹਨਾਂ ਘਰ ਜਾਣਾ ।

ਨਹੀਂ ਤਾਂ ਮੇਰੇ ਗੀਤਾਂ ਨੇ ਹਰ ਜਾਣਾ ।
ਨਹੀਂ ਤਾਂ ਮੇਰੇ ਸ਼ਬਦਾਂ ਨੇ ਹਰ ਜਾਣਾ ।

0 comments:

Post a Comment