,

ਗ਼ਜ਼ਲ

















ਸੱਜਣ ਸੁਪਨਾ ਹੋਏ ਨੇ ।
ਜਜ਼ਬੇ ਰੋਏ ਰੋਏ ਨੇ ।

ਅੱਖੋਂ ਤਿੱਖੀ ਲਾਟ ਜਹੀ
ਸਿੱਲ੍ਹੇ ਸਿੱਲ੍ਹੇ ਕੋਏ ਨੇ ।

ਚੱਪੂ ਸੁੱਟ ਲਿਆ ਆਪੇ
ਆਪੇ ਖਾਬ ਡਬੋਏ ਨੇ ।

ਸਮਿਆਂ ਅੱਖ ਉਘਾੜੀ ਨਾ
ਯੁੱਗਾਂ ਪੱਥਰ ਧੋਏ ਨੇ ।

ਜੀ ਆਈ ਦੇ ਮਾਣ ਲਈ
ਹੰਝੂ ਹਾਰ ਪਰੋਏ ਨੇ ।

ਹੱਸ ਵਿਖਾਂਦੇ ਹੋ ਸਾਨੂੰ
ਅਪਣੇ ਦੁੱਖ ਲੁਕੋਏ ਨੇ ।

ਮੌਜ ਬਥੇਰੀ ਦੇਖੀ ਹੈ
ਅੰਦਰ ਛੱਪਰ ਚੋਏ ਨੇ ।

ਨਕਸ਼ ਬਣਾਏ ਦਿਲ ਉੱਤੇ
ਮਰਜਾਣੇ ਦਿਲ ਮੋਏ ਨੇ ।

ਤੇਰੇ ਮੇਰੇ ਪਹਿਆਂ ਤੇ
ਬਹੁਤੇ ਠ੍ਹਿਭਲ ਠ੍ਹੋਏ ਨੇ ।

ਯਾਦ ਕਦੇ ਤੂੰ ਆਏਂ ਵੀ
ਕਿਣ ਮਿਣ ਮੋਤੀ ਚੋਏ ਨੇ ।

ਧੁਖ਼ਦੀ ਸਿੱਲ੍ਹੀ ਧੁੱਪ ਜਿਹੀ
ਦਿਨ ਭਰ ਦੁੱਖ ਸੰਜੋਏ ਨੇ ।

ਖੱਲ ਉਧੇੜੀ ਕਵਿਤਾ ਦੀ
ਕਾਵਿ ਅਲੋਚਕ ਦੋਏ ਨੇ ।

ਮੱਥੇ ਦੇ ਵਿਚ ਖੂਹ ਖਾਤੇ
ਹੱਥਾਂ ਦੇ ਵਿਚ ਟੋਏ ਨੇ ।

ਬੀਜ ਲਿਆ ਕੀ ਅੱਖਾਂ ਵਿਚ
ਪੱਥਰ ਉੱਗ ਖਲੋਏ ਨੇ ।

ਹਾਕਮ ਵ੍ਹਾਡਾ ਹੈ ਜਿਉਂ
ਸੁਪਨੇ ਓਵੇਂ ਸੋਏ ਨੇ ।

0 comments:

Post a Comment