,

ਗ਼ਜ਼ਲ - ਸੁਖਵਿੰਦਰ ਅੰਮ੍ਰਿਤ



















ਮੈਂ ਅਪਣੇ ਦਿਲ ਦੇ ਸ਼ੀਸ਼ੇ ਨੂੰ ਸਲਾਮਤ ਕਿਸ ਤਰਾਂ ਰੱਖਾਂ ।
ਐ ਸ਼ਿਬਲੀ! ਤੇਰਿਆਂ ਫੁੱਲਾਂ ਦੀ ਇੱਜ਼ਤ ਕਿਸ ਤਰਾਂ ਰੱਖਾਂ ।

ਮੈਂ ਜਿਸ ਨੂੰ ਆਖਿਆ ਸੂਰਜ ਤੂੰ ਉਸ ਨੂੰ ਚਾੜ੍ਹਤਾ ਸੂਲੀ,
ਇਨ੍ਹਾਂ ਬਲਦੇ ਚਿਰਾਗ਼ਾਂ ਦੀ ਹਿਫ਼ਾਜ਼ਤ ਕਿਸ ਤਰਾਂ ਰੱਖਾਂ ।

ਮੇਰੇ ਅੰਦਰ ਯਸ਼ੋਧਾ ਸਿਸਕਦੀ ਤੇ ਵਿਲਕਦਾ ਰਾਹੁਲ,
ਮੈਂ ਬਾਹਰੋਂ ਬੁੱਧ ਹੋਵਣ ਦੀ ਮੁਹਾਰਤ ਕਿਸ ਤਰਾਂ ਰੱਖਾਂ ।

ਮੈਂ ਫੁੱਲਾਂ ਤਿਤਲੀਆਂ ‘ਚੋਂ ਰੱਬ ਦਾ ਦੀਦਾਰ ਕੀਤਾ ਹੈ,
ਇਨ੍ਹਾਂ ਮਰਮਰ ਦੇ ਬੁੱਤਾਂ ਵਿਚ ਅਕੀਦਤ ਕਿਸ ਤਰਾਂ ਰੱਖਾਂ ।

ਉਡੀਕੇ ਬਿਫਰਿਆ ਦਰਿਆ ਤੇ ਬਿਹਬਲ ਹੈ ਘੜਾ ਕੱਚਾ,
ਮੈਂ ਇਹਨਾਂ ਵਲਗਣਾਂ ਦੇ ਸੰਗ ਮੁਹੱਬਤ ਕਿਸ ਤਰ੍ਹਾਂ ਰੱਖਾਂ ।

ਮਹਿਕ ਉੱਠਿਆ ਹੈ ਮੇਰੇ ਮਨ ‘ਚ ਇਕ ਗੁੰਚਾ ਮੁਹੱਬਤ ਦਾ,
ਹਵਾਵਾਂ ਤੋਂ ਛੁਪਾ ਕੇ ਇਹ ਹਕੀਕਤ ਕਿਸ ਤਰਾਂ ਰੱਖਾਂ ।

0 comments:

Post a Comment