,

ਗ਼ਜ਼ਲ - ਸੁਖਵਿੰਦਰ ਅੰਮ੍ਰਿਤ



















ਬੜਾ ਮੈਂ ਸਾਂਭਿਆ ਉਸ ਨੂੰ ਉਹ ਇਕ ਦਿਨ ਟੁਟ ਗਿਆ ਆਖ਼ਰ ।
ਕੋਈ ਪੱਤਾ ਕਿਸੇ ਟਾਹਣੀ ‘ਤੇ ਕਦ ਤਕ ਠਹਿਰਦਾ ਆਖ਼ਰ ।

ਮੈਂ ਮਮਤਾ ਦੀ ਭਰੀ ਹੋਈ ਉਹ ਖ਼ਾਲੀ ਫ਼ਲਸਫ਼ਾ ਕੋਈ,
ਮੇਰੀ ਵਹਿੰਗੀ ਨੂੰ ਕਦ ਤਕ ਮੋਢਿਆਂ ‘ਤੇ ਚੁੱਕਦਾ ਆਖ਼ਰ ।

ਉਹ ਕੂਲ਼ੀ ਲਗਰ ਹੈ ਹਾਲੇ ਡੰਗੋਰੀ ਕਿਉਂ ਬਣੇ ਮੇਰੀ,
ਕਰੇ ਕਿਉਂ ਹੇਜ ਪੱਤਝੜ ਦਾ ਕੋਈ ਪੱਤਾ ਹਰਾ ਆਖ਼ਰ ।

ਮੈਂ ਉਸ ਦੀ ਜੜ੍ਹ ਨੂੰ ਅਪਣੇ ਖ਼ੂਨ ਸੰਗ ਲਬਰੇਜ਼ ਰੱਖਾਂਗੀ,
ਮਸਾਂ ਫੁੱਲਾਂ ‘ਤੇ ਆਇਆ ਹੈ ਉਹ ਮੇਰਾ ਲਾਡਲਾ ਆਖ਼ਰ ।

ਉਹ ਮੇਰੀ ਰੱਤ ‘ਤੇ ਪਲਿਆ ਸੀ, ਇਕ ਦਿਨ ਬਹੁਤ ਪਿਆਸਾ ਸੀ,
ਕਿ ਬਣ ਕੇ ਤੀਰ ਮੇਰੇ ਕਾਲਜੇ ਵਿਚ ਖੁਭ ਗਿਆ ਆਖ਼ਰ ।

ਮੈਂ ਖ਼ਾਰਾਂ ਤੋਂ ਤਾਂ ਵਾਕਿਫ਼ ਸੀ ਮਗਰ ਸੀ ਖ਼ੌਫ਼ ਫੁੱਲਾਂ ਦਾ,
ਤੇ ਜਿਸ ਦਾ ਖ਼ੌਫ਼ ਸੀ ਦਰਪੇਸ਼ ਹੈ ਉਹ ਹਾਦਿਸਾ ਆਖ਼ਰ ।

ਕਿਸੇ ਸਬਜ਼ੇ ਨੂੰ ਕੀ ਸਿੰਜੇ ਪਲੱਤਣ ਦਾ ਕੋਈ ਅੱਥਰੂ,
ਕਿ ਉਸ ਨੂੰ ਤੜਪ ਅਪਣੀ ਤੋਂ ਮੈਂ ਕਰ ਦਿੱਤਾ ਰਿਹਾ ਆਖ਼ਰ ।

ਕਿਹਾ ਪੁੱਤਰ ਨੇ ਇਕ ਦਿਨ, ਕਾਸ਼! ਮੈਂ ਰਾਜੇ ਦਾ ਪੁੱਤ ਹੁੰਦਾ
ਪਿਤਾ ਹੱਸਿਆ, ਬਹੁਤ ਹੱਸਿਆ ਤੇ ਫਿਰ ਪਥਰਾ ਗਿਆ ਆਖ਼ਰ ।

0 comments:

Post a Comment