,

ਕਚਨਾਰ
















ਮਾਲੀ ਨੂੰ
ਸਾਡੇ ਵਿਹੜੇ ਵਿਚਲਾ
ਕਚਨਾਰ ਦਾ ਰੁੱਖ ਨਹੀਂ ਭਾਉਂਦਾ
ਅਖੇ ਫਲਾਣੇ ਮੌਸਮ'ਚ ਸੋਹਣਾ ਨਹੀਂ ਲਗਦਾ

ਥੋੜ੍ਹੇ ਦਿਨਾਂ ਬਾਅਦ ਜਦ ਉਹ ਪੱਟਦੂੰ ਪੱਟਦੂੰ ਕਰਦਾ
ਤਾਂ ਪਤਨੀ ਉਸਨੂੰ ਟਿਕਜਾ ਟਿਕਜਾ ਆਖਦੀ
ਪਤਨੀ ਨੂੰ ਪਸੰਦ ਹੈ ਕਚਨਾਰ ਦਾ ਰੁੱਖ

ਖਾਸ ਤੌਰ ਤੇ ਇਸ ਦੇ ਪੱਤੇ
ਪਾਨ ਦੇ ਪੁੱਠੇ ਪੱਤੇ ਵਰਗੇ
ਦਿਲ ਦੇ ਚਿੰਨ ਵਰਗੇ
ਮੁਹੱਬਤ ਦੇ ਪ੍ਰਤੀਕ

ਸ਼ਾਮ ਢਲੇ
ਹਰ ਪੱਤਾ
ਵਿਚਾਲਿਓਂ ਤਹਿ ਹੋਣ ਲੱਗਦਾ
ਰਾਤ ਨੂੰ ਪੱਤੇ ਦੇ ਦੋਵੇਂ ਅੱਧ
ਇਕ ਦੂਏ ਨਾਲ ਜੁੜੇ ਰਹਿੰਦੇ
ਸਵੇਰ ਹੁੰਦਿਆਂ ਫਿਰ ਖੁਲ੍ਹਣ ਲੱਗਦੇ
ਦਿਨੇਂ ਫੈਲੇ ਰਹਿੰਦੇ
ਆਪੋ ਆਪਣੀ ਦਿਸ਼ਾ ਵਿਚ

ਸ਼ਾਮ ਨੂੰ ਮੈਂ ਘਰ ਆਉਂਦਾ ਤਾਂ
ਪਤਨੀ ਮੁਸਕਰਾਉਂਦੀ
ਤੇ ਉਸਨੁੰ ਚੰਗਾ ਲਗਦਾ
ਵਿਹੜੇ ਵਿਚਲਾ ਕਚਨਾਰ ਦਾ ਰੁੱਖ
ਤੇ ਮੈਨੂੰ ਬੜਾ ਚੰਗਾ ਲੱਗਦਾ ਉਸਨੂੰ
ਇਸਦਾ ਚੰਗਾ ਲੱਗਣਾ

0 comments:

Post a Comment