ਮੈਂ ਸੁੰਨੇ ਮਾਰੂਥਲਾਂ ਚ
ਇੱਕ ਇਕੱਲੀ ਵਾਜ ਵਰਗਾ ਹਾਂ
ਗਿਆ ਮੈਂ ਦੂਰ ਤੱਕ
ਪਰ ਕਿਤੇ ਵੀ ਪਹੁੰਚ ਨਹੀਂ ਸਕਿਆ
ਮੈਂ ਪੌਣ ਬਣਕੇ ਵੀ ਵਗਿਆ
ਕਦੇ ਜੰਗਲ ਚੋਂ
ਕਦੇ ਵੰਝਲੀ ਚੋਂ
ਪੱਤੇ ਸਰਸਰਾ ਕੇ ਰੁਕ ਗਏ
ਸਾਜ਼ਿੰਦੇ ਦਾਦ ਦੇ ਕੇ ਉਠ ਗਏ
ਮੈਂ ਸਿਆਹੀ ਬਣ ਕੇ
ਸਫਿਆਂ ਉੱਤੇ ਕਈ ਕੁਝ ਬਣ ਵੀ ਤੱਕਿਆ
ਮੁਨਾਰੇ ਅਰਥਾਂ ਦੇ ਉੱਸਰੇ
ਅਲਮ ਸ਼ਬਦਾਂ ਦੇ ਹਥ ਹੀ ਰਹੀ
ਮੈਂ ਕਾਗਜ਼ ਦੇ ਸਾਗਰ ਵਿਚ
ਬੜਾ ਬੇਅਰਥ ਜਿਹਾ ਡੁੱਲ੍ਹਿਆ
ਮੈਂ ਮੰਦਰ ਦੇ ਟੱਲਾਂ ਵਿਚ
ਖਲਾਅ ਦੀ ਗੂੰਜ ਵੀ ਬਣਿਆ
ਮਗਰ ਜ਼ਰੀਏ ਤੋਂ ਵਧ ਕੁਝ ਨਹੀਂ
ਨਜ਼ਰ ਇੱਕ ਵੀ ਨਾ ਮੇਰੇ ਵੱਲ ਸੀ
ਮੈਂ ਰਾਹ ਵਿਚ ਝੂਲਦਾ ਟੱਲ ਸੀ
ਮੈਂ ਰਾਹ ਤੇ ਪੁਲ ਦੇ ਅੰਤਰ ਵਿਚ
ਬਿਨਾ ਹਸਤੀ ਦਾ ਰਿਸ਼ਤਾ ਹਾਂ
ਮੈਂ ਖੁਦ ਨੂੰ ਭਾਲਦਾ ਫਿਰਦਾਂ
ਕਿਸੇ ਨੇ ਮੈਨੂੰ ਨਹੀਂ ਲਭਿਆ
ਮੈਂ ਗੁਜ਼ਰ ਜਾਣਾ ਹੈ ਹੌਲੀ ਹੌਲੀ
ਜ਼ੁਬਾਨ ਦਰ ਜ਼ੁਬਾਨ ਤੁਰਦੀ ਕਹਾਣੀ ਵਾਂਗ
ਮਰਨਾ ਵੀ ਨਹੀਂ
ਰਹਿਣਾ ਵੀ ਨਹੀਂ
ਤਬਦੀਲ ਹੋ ਜਾਣਾ
ਨਾ ਮੈਂ ਮੁੱਕਣਾ ਨਾ ਮੈਂ ਹੋਣਾ
ਓਹੀ ਬੱਸ ਵਾਜ ਜਹੀ ਰਹਿ ਜਾਣਾ
ਜੀਹਨੇ ਬਸ ਤੁਰਦਿਆਂ ਰਹਿਣਾ ਬਿਨਾ ਰੁਕਿਆਂ ਬਿਨਾ ਪੁੱਜਿਆਂ...

0 comments:
Post a Comment