,

ਗ਼ਜ਼ਲ - ਸੁਖਵਿੰਦਰ ਅੰਮ੍ਰਿਤ



















ਮੈਂ ਉਸ ਦੀ ਪੈੜ ਨਈਂ ਕਿ ਛੱਡ ਕੇ ਤੁਰ ਜਾਏਗਾ ਮੈਨੂੰ ।
ਮੈਂ ਉਸ ਦਾ ਗੀਤ ਹਾਂ ਸਾਰੇ ਸਫ਼ਰ ਵਿਚ ਗਾਏਗਾ ਮੈਨੂੰ ।

ਜੇ ਮਿੱਟੀ ੲਾਂ ਤਾਂ ਅਪਣੇ ਜਿਸਮ ਤੋਂ ਉਹ ਝਾੜ ਦੇਵੇਗਾ,
ਜੇ ਮੋਤੀ ਹਾਂ ਤਾਂ ਅਪਣੇ ਮੁਕਟ ਵਿਚ ਜੜਵਾਏਗਾ ਮੈਨੂੰ ।

ਉਦ੍ਹੀ ਤਪਦੀ ਹਯਾਤੀ ਨੂੰ ਕਿਤੇ ਜਦ ਚੈਨ ਨਾ ਆਈ,
ਉਹ ਅਪਣੇ ਮਨ ਦੀ ਮਿੱਟੀ ‘ਚੋਂ ਅਖ਼ੀਰ ਉਗਾਏਗਾ ਮੈਨੂੰ ।

ਬਹੁਤ ਮਹਿਫ਼ੂਜ਼ ਰੱਖੇਗਾ ਹਵਾ ਦੇ ਬੁੱਲ੍ਹਿਆਂ ਕੋਲੋਂ,
ਸ਼ਮ੍ਹਾਂ ਹਾਂ ਮੈਂ ਕਿਸੇ ਪਰਦੇ ਦੇ ਮਗਰ ਜਗਾਏਗਾ ਮੈਨੂੰ ।

ਮੁਹੱਬਤ ਦੀ ਬੁਲੰਦੀ ਤੋਂ ਉਹ ਮੈਨੂੰ ਡੇਗ ਦੇਵੇਗਾ,
ਮੁਹੱਬਤ ਹੈ ਤਾਂ ਫਿਰ ਇਹ ਖ਼ੌਫ਼ ਵੀ ਤੜਪਾਏਗਾ ਮੈਨੂੰ ।

ਤੇਰੇ ਸਦਕਾ ਮੈਂ ਖਾ ਕੇ ਠ੍ਹੋਕਰਾਂ ਫਿਰ ਸੰਭਲ ਜਾਂਦੀ ਹਾਂ,
ਜੇ ਤੂੰ ਵੀ ਨਾਲ ਨਾ ਹੋਇਆ ਤਾਂ ਕੌਣ ਉਠਾਏਗਾ ਮੈਨੂੰ ।

ਮੈਂ ਹਰ ਅਗਨੀ ਪਰਿਖਿਆ ‘ਚੋਂ ਸਲਾਮਤ ਨਿਕਲ ਆਈ ਹਾਂ,
ਜ਼ਮਾਨਾ ਹੋਰ ਕਦ ਤੀਕਰ ਭਲਾ ਅਜ਼ਮਾਏਗਾ ਮੈਨੂੰ ।

0 comments:

Post a Comment