,

ਗੋਆ ਬੀਚ ਤੇ
















ਕੋਈ ਗਿਆਨ ਮੁਦਰਾ
ਤੇ ਕੋਈ ਧਿਆਨ ਮੁਦਰਾ ‘ਚ
ਅਰਧ ਅਲਪ ਨਿਰ ਵਸਤਰ
ਸਮੁੰਦਰ ਕਿਨਾਰੇ ਲੇਟੀਆਂ
ਮਾਵਾਂ ਭੈਣਾਂ ਪਤਨੀਆਂ
ਸਹੇਲੀਆਂ ਬਹੂ ਬੇਟੀਆਂ

ਲੰਮੇ ਸਾਹ ਭਰਦੀਆਂ
ਤਨਾਂ ਮਨਾਂ ਨੂੰ ਸੁਰ ਕਰਦੀਆਂ
ਬੰਦ ਨੈਣ ਪੂਰਨ ਵਿਸ਼ਰਾਮ
ਪ੍ਰਾਣਾਯਾਮ
ਧਿਆਨ ਧਰਦੀਆਂ

ਕੁਝ ਕਿਤਾਬਾਂ ਪੜ੍ਹਦੀਆਂ
ਸ਼ਬਦਾਂ ਦੇ ਵਹਿਣੀ ਹੜ੍ਹਦੀਆਂ

ਸਾਲ ਛਿਮਾਹੀ ਦੇ ਥਕੇਵੇਂ ਧੋਂਦੀਆਂ
ਅਕੇਵੇਂ ਨਿਚੋੜਦੀਆਂ
ਤੀਰਥ ਯੋਗ ਪਾਉਂਦੀਆਂ
ਰੋਮਾਂ ਥਾਣੀਂ ਧੁੱਪ ਕਣ ਰਚਾਉਂਦੀਆਂ
ਅਬੋਲ ਸੂਰਯਾ ਨਮਸਕਾਰ ਗਾਉਂਦੀਆਂ

ਕੁਝ ਲਹਿਰਾਂ ਨਾਲ ਲਹਿਰਦੀਆਂ
ਛੱਲਾਂ ਨਾਲ ਛਲਕਦੀਆਂ
ਕਦੇ ਲਾਉਣ ਟੱੁਭੀਆਂ
ਕਦੇ ਤਲ ਤੇ ਤਰਦੀਆਂ
ਮਾਰਨ ਕਿਲਕਾਰੀਆਂ
ਹਸੀ ਯੋਗ ਕਰਦੀਆਂ

ਮੈਂ ਜੋ ਮੁੰਡੀਹਰ ਬਣ
ਮੇਲਾ ਵੇਹਣ ਆਇਆ ਸੀ
ਮਨ ਵਿਚ ਖਚਰ ਅੱਖ ਵਿਚ ਲਚਰ
ਭਰ ਕੇ ਲਿਆਇਆ ਸੀ
ਗਿਆਨ ਧਿਆਨ ਯੋਗ ਦਾ
ਸ਼ਿਵਰ ਤੱਕ ਕੇ ਜਾ ਰਿਹਾਂ
ਕੇਸੀਂ ਪਾਣੀ ਖਾਰਾ
ਚੱਪਲੀਂ ਰੇਤਾ
ਮਨ ‘ਚ
ਸ਼ਰਮਿੰਦਗੀ ਲਿਜਾ ਰਿਹਾਂ

0 comments:

Post a Comment