ਤਪਿਸ਼ ਆਖਣ ਜਾਂ ਲੋਅ ਆਖਣ ਉਨੂੰ ਇਤਰਾਜ਼ ਕਿਉਂ ਹੋਵੇ ।
ਕਿ ਅਗਨੀ ਜੁਗਨੂੰਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ ।
ਭੰਵਰਿਆਂ ਦੀ ਹਰ ਇਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ,
ਉਨ੍ਹਾਂ ਦੇ ਹੁੰਦਿਆਂ ਤਿਤਲੀ ਦੇ ਸਿਰ ‘ਤੇ ਤਾਜ ਕਿਉਂ ਹੋਵੇ ।
ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ,
ਕਿ ਬਾਗ਼ਾਂ ਵਿਚ ਕੋਇਲ ਦੀ ਕੋਈ ਆਵਾਜ਼ ਕਿਉਂ ਹੋਵੇ ।
ਤੂੰ ਇਹਨਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੌਤੀ ਰਹਿ,
ਝੁਕੇ ਕਿਉਂ ਸਿਰ ਤੇਰਾ ਨੀਵੀਂ ਤੇਰੀ ਪਰਵਾਜ਼ ਕਿਉਂ ਹੋਵੇ ।
ਅਦਾ ਤੇਰੀ ਵੀ ਹੋ ਸਕਦੀ ਹੈ ਉਸ ਨੂੰ ਚੀਰ ਕੇ ਲੰਘੇਂ,
ਕਿ ਤੈਨੂੰ ਮਸਲ ਕੇ ਜਾਣਾ ਉਦ੍ਹਾ ਅੰਦਾਜ਼ ਕਿਉਂ ਹੋਵੇ ।
ਤੇਰਾ ਹਰ ਨ੍ਰਿਤ ਹਰ ਨਗ਼ਮਾ ਜਦੋਂ ਪਰਵਾਨ ਹੈ ਏਥੇ,
ਤੇਰਾ ਹਰ ਰੋਸ ਹਰ ਸੁਪਨਾ ਨਜ਼ਰ ਅੰਦਾਜ਼ ਕਿਉਂ ਹੋਵੇ ।
ਸਿਤਮਗਰ ‘ਤੇ ਤਰਸ ਕਾਹਦਾ ਤੂੰ ਰੱਖ ਦੇ ਵਿੰਨ੍ਹ ਕੇ ਉਸ ਨੂੰ,
ਸਦਾ ਤੂੰ ਹੀ ਨਿਸ਼ਾਨਾ, ਉਹ ਨਿਸ਼ਾਨੇਬਾਜ਼ ਕਿਉਂ ਹੋਵੇ ।
ਇਹ ਮਰ ਮਰ ਕੇ ਜਿਉਣਾ ਛੱਡ, ਬਗ਼ਾਵਤ ਕਰ ਤੇ ਟੱਕਰ ਲੈ,
ਤੇਰੇ ਹਿੱਸੇ ਦੀ ਦੁਨੀਆਂ ‘ਤੇ ਕਿਸੇ ਦਾ ਰਾਜ ਕਿਉਂ ਹੋਵੇ ।

2 comments:
ਬਹੁਤ ਖ਼ੂਬ ਜੀ
ਆਪ ਜੀ ਦਾ ਸਾਰਾ ਹੀ ਕੰਮ ਕਾਬਲੇ-ਤਾਰੀਫ਼ ਹੈ ਜੀ
Post a Comment