ਸ਼ਾਂਤਮਈ ਦੇ ਪੁੰਜ
ਸ਼ਹੀਦਾਂ ਦੇ ਸਿਰਤਾਜ
ਤਪਦੀ ਤਵੀ ਨੂੰ ਠਾਰਦੇ
ਬਾਣੀ ਉਚਾਰਦੇ-
'ਬ੍ਰਹਮ ਗਿਆਨੀ ਕਾ ਧੀਰਜ ਏਕ'
ਮੀਆਂਮੀਰ ਕੁਰਲਾ ਰਿਹਾ
ਬੇਵਸੀ ਦੇ ਅੱਥਰੂ ਵਹਾ ਰਿਹਾ
ਹਿੰਦੂ ਸੁਆਣੀ ਨਿਢਾਲ ਹੈ
ਗੱਚ ਭਰਿਆ ਬੁਰਾ ਹਾਲ ਹੈ
ਪਾਤਸ਼ਾਹ ਧੀਰਜ ਧਰਾਉਂਦੇ
ਤੇ ਸਮਝਾਉਂਦੇ
'ਸਾਧ ਸੰਗਿ ਦੁਸਮਨ ਸਭਿ ਮੀਤ'
ਸ਼ਾਂਤ ਚਿੱਤ ਮਨ ਸੀਤ
'ਗੁਰ ਪੂਰੇ ਵੈਰੀ ਮਿਤਰ ਸਮਾਨ'
ਉਚਰੀ ਬਾਣੀ ਨਿਭੈ ਪ੍ਰਾਣ
ਸ਼ਹੀਦੀ ਦ੍ਰਿਸ਼ ਦਾ ਚਿਤਰ
ਵੱਡੇ ਪੰਡਾਲ ਦੇ ਵੱਡੇ ਮੰਚ ਪਿੱਛੇ ਲਗਾਇਆ ਗਿਆ
ਪਾਤਸ਼ਾਹ ਦੀ ਕ੍ਰਿਸ਼ਮਈ ਘਾਲ
ਸ਼ਬਦ ਗੁਰੂ ਸੁਸ਼ੋਭਿਤ ਕਰਾਇਆ ਗਿਆ
ਸ਼ਰਧਾਂਜਲੀ ਸਮਾਰੋਹ ਜਾਰੀ ਸੀ
ਪੰਥਕ ਮੁੱਖੀ ਦੇ ਭਾਸ਼ਨ ਦੀ ਵਾਰੀ ਸੀ
ਜ਼ਮਾਨਤੀ ਰਿਹਾਈ ਕਈ ਕੇਸਾਂ 'ਚ ਖੁਆਰੀ ਸੀ
ਅਖੇ-
ਚੋਣਾਂ ਨੇੜੇ ਆ ਰਹੀਆਂ
ਅਸੀਂ ਕੁਰਸੀ ਤੇ ਬਵਾਂਗੇ
ਗਿਣ ਗਿਣ ਬਦਲੇ ਲਵਾਂਗੇ
ਬੋਲੇ ਸੋ ਨਿਹਾਲ
ਚਾਪਲੂਸ ਮੂੰਹ ਚੋਂ ਜੈਕਾਰਾ ਆਇਆ
ਪਾਤਸ਼ਾਹ ਮੁਸਕਰਾ ਰਹੇ
ਤੇ ਮੀਆਂ ਮੀਰ ਕੁਰਲਾ ਰਿਹਾ

0 comments:
Post a Comment