,

ਗ਼ਜ਼ਲ - ਸੁਖਵਿੰਦਰ ਅੰਮ੍ਰਿਤ



















ਇਉਂ ਨਾ ਤੂੰ ਫੇਰ ਅੱਖੀਆਂ ਇਉਂ ਨਾ ਨਕਾਰ ਮੈਨੂੰ ।
ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ ।

ਕੋਈ ਹੋਰ ਪੜ੍ਹ ਨਾ ਸਕਦਾ ਤਫ਼ਸੀਰ ਕਰ ਨਾ ਸਕਦਾ,
ਮੈਂ ਸਤਰ ਸਤਰ ਤੇਰੀ ਤੂੰ ਹੀ ਉਚਾਰ ਮੈਨੂੰ ।

ਬਿੰਦੀ ਕੋਈ ਲਗਾਦੇ ਤੇ ਡੰਡੀਆਂ ਵੀ ਪਾ ਦੇ,
ਜਿੱਦਾਂ ਨਿਖਾਰ ਸਕਦੈਂ ਓਦਾਂ ਨਿਖਾਰ ਮੈਨੂੰ ।

ਕੁਝ ਹੋਰ ਗੂੜ੍ਹੀ ਹੋਵਾਂ ਕੁਝ ਹੋਰ ਰੰਗ ਉਭਰਨ,
ਤੂੰ ਦਿਲ ਦੇ ਵਰਕਿਆਂ ‘ਤੇ ਏਦਾਂ ਉਤਾਰ ਮੈਨੂੰ ।

ਜੇ ਕਹਿ ਦਏਂ ਤੂੰ ਮੈਨੂੰ ‘ਮੈਂ ਕਰਦਾਂ ਪਿਆਰ ਤੈਨੂੰ,
ਕਰ ਦੇਣਗੇ ਮੁਕੰਮਲ ਇਹ ਲਫ਼ਜ਼ ਚਾਰ ਮੈਨੂੰ ।

ਤੈਥੋਂ ਜੇ ਮੁੱਖ ਮੋੜਾਂ, ਕੀਤਾ ਜੇ ਕੌਲ ਤੋੜਾਂ,
ਤੂੰ ਹਰਫ਼ ਹਰਫ਼ ਕਰ ਕੇ ਦੇਵੀਂ ਖਿਲਾਰ ਮੈਨੂੰ ।

0 comments:

Post a Comment