ਕੋਰਾ ਕਾਗਜ਼ ਮਨ ਵਿੱਚ ਗੁੰਝਲ, ਰੁੱਸੇ ਹਰਫ ਮਨਾਵਾਂ ।
ਮਜ਼ਦੂਰਾਂ ਦੀ ਗੱਲ ਕਰਦਿਆਂ, ਗਜ਼ਲ ਕਿਵੇਂ ਲਿਖ ਪਾਵਾਂ ।।
ਪਿੰਡ ਬੇਵਸੀ, ਜ਼ਿਲਾ ਗਰੀਬੀ, ਭੁੱਖ ਗਲੀ ਵਿੱਚ ਵੱਸਾਂ,
ਮੈਂ ਮਜ਼ਦੂਰ ਹਾਂ ਭਾਰਤਵਰਸ਼ ਦਾ, ਲਿਖ ਮੇਰਾ ਸਰਨਾਵਾਂ ।
ਕੋਹਾਂ ਦੂਰ ਬਹਾਰ ਹੈ ਆਉਂਦੀ, ਅੱਡੀਆਂ ਚੁੱਕ ਚੁੱਕ ਵੇਖਾਂ,
ਪਰ ਬਦਕਿਸਮਤ ਛੋਹ ਨਾ ਸੱਕਾਂ, ਰੱਤੀ ਭਰ ਪਰਛਾਵਾਂ ।
ਸਾਡੀ ਬੀਜੀ ਵਾਹੀ ਦਾ , ਫਲ ਹੋਰ ਕੋਈ ਲੁੱਟ ਲੈਂਦਾ ,
ਦਾਤੀਆਂ ਹਥੌੜੇ ਕੰਮ ਨਾ ਆਵਣ, ਵੈਖ ਵੇਖ ਕੁਰਲਾਵਾਂ ।
ਸਾਰੇ ਮੁਲਕ ਦੀ ਕਰਾਂ ਸਫਾਈ, ਗੰਦਗੀ ਰਹਿਣ ਨਾ ਦੇਵਾਂ,
ਗੰਗਾ ਵਰਗਾ ਕੰਮ ਮੇਰਾ, ਪਰ ਕੰਮੀਨ ਸਦਾਵਾਂ ।
ਹੱਕ ਮਾਰ ਜਾਂਦਾ ਹੈ ਤਕੜਾ, ਅੱਧੀ ਮਿਲੇ ਦਿਹਾੜੀ,
ਪੁਲਸ ਇਨਾਂ ਦੀ ਰਾਖੀ ਕਰਦੀ, ਕਿੱਥੇ ਅਰਜ਼ ਪੁਚਾਵਾਂ ।
ਇੱਕ ਰੁਪਏ ਦੀ ਪਰਚੀ ਵਾਲਾ, ਸਿੱਧੇ ਮੂੰਹ ਨਾ ਬੋਲੇ,
ਰੋਗ ਦੇ ਨਾਲੋਂ ਜੀ ਕਰਦੈ, ਅਗਲੇ ਸਾਹ ਮਰ ਜਾਵਾਂ ।
ਤੀਵੀਂ ਦੇ ਲਈ ਸੁਰਖੀ ਪਾਊਡਰ, ਈਦ ਜਿਹਾ ਮੈਨੂੰ ਜਾਪੇ,
ਦੁੱਧ ਖੁਣੋ ਰੋਵੇ ਜੁਆਕ, ਖਿੱਝ ਖਿੱਝਕੇ ਵਰਚਾਵਾਂ ।
ਦੋ ਵੇਲੇ ਦੀ ਰੋਟੀ, ਏਰਾਵਤ ਪਰਬਤ ਹੈ ਬਣ ਗਈ,
ਬਹੁਤ ਕਰਾਂ ਕੋਸ਼ਿਸ਼ ਸਰ ਕਰਲਾਂ, ਹਰ ਵਾਰੀ ਹਰ ਜਾਵਾਂ ।

0 comments:
Post a Comment