ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆ
ਕੀਕਣ ਅਰਘ ਚੜ੍ਹਾਵੇ ਵੇ ।
ਕਿਉਂ ਕੋਈ ਡਾਚੀ ਸਾਗਰ ਖ਼ਾਤਰ,
ਮਾਰੂ ਥਲ ਛੱਡ ਜਾਵੇ ।
ਕਰਮਾਂ ਦੀ ਮਹਿੰਦੀ ਦਾ ਸੱਜਣਾ
ਰੰਗ ਕਿਵੇਂ ਦੱਸ ਚੜ੍ਹਦਾ ਵੇ,
ਜੇ ਕਿਸਮਤ ਮਿਰਚਾਂ ਦੇ ਪੱਤਰ
ਪੀਠ ਤਲੀ ਤੇ ਲਾਏ ਵੇ ।
ਗ਼ਮ ਦਾ ਮੋਤੀਆ ਉਤਰ ਆਇਆ.
ਸਿਦਕ ਮੇਰੇ ਦੀ ਨੈਣੀਂ ਵੇ,
ਪ੍ਰੀਤ-ਨਗਰ ਦਾ ਔਖਾ ਪੈਂਡਾ,
ਜਿੰਦੜੀ ਕਿੰਜ ਮੁਕਾਏ ਵੇ ।
ਕਿੱਕਰ ਦੇ ਫੁੱਲਾਂ ਦੀ ਅੜਿਆ
ਕੌਣ ਕਰੇਂਦੈ ਰਾਖੀ ਵੇ,
ਕਦ ਕੋਈ ਮਾਲੀ ਮਲ੍ਹਿਆਂ ਉੱਤੇ,
ਹਰੀਅਲ ਆਣ ਉਡਾਏ ਵੇ ।
ਪੀੜਾਂ ਦੇ ਧਰਕੋਨੇ ਖਾ ਖਾ,
ਹੋ ਗਏ ਗੀਤ ਕਸੈਲੇ ਵੇ,
ਵਿਚ ਨੜੋਏ ਬੈਠੀ ਜਿੰਦੂ
ਕੀਕਣ ਸੋਹਲੇ ਗਾਏ ਵੇ ।
ਪ੍ਰੀਤਾਂ ਦੇ ਗਲ ਛੁਰੀ ਫਿਰੇਂਦੀ
ਵੇਖ ਕੇ ਕਿੰਜ ਕੁਰਲਾਵਾਂ ਵੇ,
ਲੈ ਚਾਂਦੀ ਦੇ ਬਿੰਗ ਕਸਾਈਆਂ
ਮੇਰੇ ਗਲੇ ਫਸਾਏ ਵੇ ।
ਤੜਪ ਤੜਪ ਕੇ ਮਰ ਗਈ ਅੜਿਆ,
ਮੇਲ ਤੇਰੇ ਦੀ ਹਸਰਤ ਵੇ,
ਐਸੇ ਇਸ਼ਕ ਦੇ ਜ਼ੁਲਮੀ ਰਾਜੇ
ਬਿਰਹੋਂ ਬਾਣ ਚਲਾਏ ਵੇ ।
ਚੁਗ ਚੁਗ ਰੋੜ ਗਲੀ ਤੇਰੀ ਦੇ
ਘੁੰਗਣੀਆਂ ਵੱਤ ਚੱਬ ਲਏ ਵੇ,
ਕਠੇ ਕਰ ਕਰ ਕੇ ਮੈਂ ਤੀਲੇ
ਬੁੱਕਲ ਵਿਚ ਧੁਖਾਏ ਵੇ ।
ਇਕ ਚੁਲੀ ਵੀ ਪੀ ਨਾ ਸਕੀ
ਪਿਆਰ ਦੇ ਨਿਤਰੇ ਪਾਣੀ ਵੇ,
ਵਿਹੰਦਿਆਂ ਸਾਰ ਪਏ ਵਿਚ ਪੂਰੇ
ਜਾਂ ਮੈਂ ਹੋਂਠ ਛੁਹਾਏ ਵੇ ।

0 comments:
Post a Comment