,

ਘਾਹ
















ਮੈਂ ਘਾਹ ਹਾਂ
ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ ।
ਬੰਬ ਸੁੱਟ ਦਿਓ ਭਾਵੇਂ ਵਿਸ਼ਵ-ਵਿਦਿਆਲੇ 'ਤੇ
ਬਣਾ ਦਿਓ ਹਰ ਹੋਸਟਲ ਮਲਬੇ ਦੇ ਢੇਰ
ਸੁਹਾਗਾ ਫੇਰ ਦਿਓ ਬੇਸ਼ਕ ਸਾਡੀਆਂ ਝੁਗੀਆਂ 'ਤੇ
ਮੈਨੂੰ ਕਿ ਕਰੋਗੇ ?
ਮੈਂ ਤਾਂ ਘਾਹ ਹਾਂ ਹਰ ਚੀਜ਼ ਢੱਕ ਲਵਾਂਗਾ
ਹਰ ਢੇਰ 'ਤੇ ਉੱਗ ਆਵਾਂਗਾ ।
ਬੰਗੇ ਨੂੰ ਢੇਰੀ ਕਰ ਦਿਓ
ਸੰਗਰੂਰ ਨੂੰ ਮਿਟਾ ਦਿਓ
ਧੂੜ 'ਚ ਮਿਲਾ ਦਿਓ ਲੁਧਿਆਣੇ ਦਾ ਜਿਲ੍ਹਾ
ਮੇਰੀ ਹਰਿਆਲੀ ਆਪਣਾ ਕੰਮ ਕਰੇਗੀ ...
ਦੋ ਸਾਲ, ਦੱਸ ਸਾਲ ਬਾਦ
ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ
"ਇਹ ਕਿਹੜੀ ਥਾਂ ਹੈ ?
ਮੈਨੂੰ ਬਰਨਾਲੇ ਉਤਰ ਦੇਣਾ
ਜਿਥੇ ਹਰੇ ਘਾਹ ਦਾ ਜੰਗਲ ਹੈ ।"
ਮੈਂ ਘਾਹ ਹਾਂ, ਮੈਂ ਆਪਣਾ ਕੰਮ ਕਰਾਂਗਾ
ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ ।

1 comments:

Post a Comment