,

ਪਰਾਇਆ ਖੂਨ

ਸੁਰਜੀਤ ਨੂੰ ਡੇਂਗੂ ਹੋ ਗਿਆ ਸੀ । ਪਿੰਡ ਵਾਲੇ ਡਾਕਟਰ ਨੇ "ਮੇਰੇ ਵੱਸ ਚੋਂ ਬਾਹਰ ਹੈ" ਕਹਿ ਕੇ ਜਵਾਬ ਦੇ ਦਿੱਤਾ ਤੇ ਸ਼ਹਿਰ ਲੈ ਜਾਣ ਦੀ ਸਲਾਹ ਦੇ ਦਿੱਤੀ । ਸੁਰਜੀਤ ਨੂੰ ਤੜਕਸਾਰ ਹੀ ਲੁਧਿਆਣੇ ਸੀ. ਐਮ. ਸੀ. ( ਕ੍ਰਿਸਚਨ ਮੈਡੀਕਲ ਕਾਲਜ ਅਤੇ ਹਸਪਤਾਲ) ਲੈ ਆਏ । ਮੈਂ ਪਿਛਲੇ ਪੰਜ ਸਾਲਾਂ ਤੋਂ ਲੁਧਿਆਣੇ ਹੀ ਰਹਿ ਰਿਹਾ ਸੀ । ਸੁਰਜੀਤ ਬਚਪਨ ਤੋਂ ਹੀ ਮੇਰਾ ਬਹੁਤ ਕਰੀਬੀ ਦੋਸਤ ਸੀ । ਬੇਬੇ ਜੀ (ਸੁਰਜੀਤ ਦੇ ਮਾਤਾ ਜੀ) ਨੇ ਆਉਂਦੇ ਸਾਰ ਹੀ ਮੈਨੂੰ ਟੈਲੀਫੋਨ ਕਰ ਦਿੱਤਾ । ਫੋਨ ਸੁਣ ਕੇ ਮੈਂ ਘਬਰਾ ਗਿਆ । ਮਨਦੀਪ ਅਜੇ ਸੁੱਤੀ ਪਈ ਸੀ । ਮੈਂ ਜਲਦੀ ਜਲਦੀ ਫਰੈਸ਼ ਹੋ ਕੇ ਤਿਆਰ ਹੋ ਗਿਆ । ਮਨਦੀਪ ਨੂੰ ਉਠਾ ਕੇ ਸੰਖੇਪ ਜਹੀ ਗੱਲ ਦੱਸੀ ਤੇ ਘਰ ਚੋਂ ਬਾਹਰ ਆ ਗਿਆ ।

ਬਾਹਰ ਚੌਂਕ 'ਚ ਇੱਕ ਰਿਕਸ਼ੇ ਵਾਲਾ ਮੈਨੂੰ ਵੇਖ ਕੇ ਹਲਕਾ ਜਿਹਾ ਮੁਸਕੁਰਾਇਆ ਜਿਵੇਂ ਮੈਨੂੰ ਬੈਠਣ ਲਈ ਮਿੰਨਤ ਕੀਤੀ ਹੋਵੇ ਜਾਂ ਸ਼ਾਇਦ ਉਸਨੇ ਅਜੇ ਤੱਕ ਬੋਹਨੀ ਨਹੀਂ ਕੀਤੀ ਸੀ । ਮੈਂ ਉਸਦੇ ਰਿਕਸ਼ੇ ਕੋਲ ਜਾ ਕੇ ਕਿਹਾ, "ਸੀ ਐਮ ਸੀ" ਅਤੇ ਸੀਟ 'ਤੇ ਬੈਠ ਗਿਆ । ਉਸਨੇ ਬੜੀ ਤੇਜੀ ਨਾਲ ਪੈਂਡਲ ਮਾਰਨੇ ਸ਼ੁਰੂ ਕਰ ਦਿੱਤੇ, ਜਿਵੇਂ ਸੀ. ਐਮ. ਸੀ. ਦੇ ਅਰਥ ਉਸਨੂੰ ਪਤਾ ਹੋਣ ।

ਉਸਨੇ ਰਿਕਸਾ ਸੀ. ਐਮ. ਸੀ. ਦੀਆਂ ਪੋੜੀਆਂ ਅੱਗੇ ਜਾ ਕੇ ਰੋਕਿਆ । ਮੈਂ ਜੇਬ 'ਚ ਹੱਥ ਮਾਰਿਆ ਇੱਕ ਪੰਜਾਹ ਦਾ ਨੋਟ ਹੱਥ ਚ ਆ ਗਿਆ । ਮੈਂ ਉਹ ਨੋਟ ਉਸਦੇ ਹੱਥ 'ਚ ਫੜਾ ਕੇ ਛੇਤੀ ਨਾਲ ਹਸਪਤਾਲ ਦੀਆਂ ਪੋੜੀਆਂ ਚੜਿਆ । ਅੱਗੇ ਬੇਬੇ ਜੀ ਖੜੇ ਬਾਹਰ ਵੱਲ ਹੀ ਦੇਖ ਰਹੇ ਸੀ । ਮੈਨੂ ਦੇਖ ਉਨ੍ਹਾਂ ਦੇ ਉਤਰੇ ਹੋਏ ਚਹਿਰੇ ਤੇ ਜਿਵੇਂ ਤੱਸਲੀ ਜਹੀ ਆ ਗਈ । ਮੇਰੇ ਕੋਲ ਆਉਂਦਿਆ ਹੀ ਓਨ੍ਹਾਂ ਕਿਹਾ, "ਖੂਨ ਚਾਹਿਦਾ ਹੈ" ।

ਮੈਂ ਖੂਨ ਦੇਣ ਲਈ ਜਾਂ ਹੀ ਲੱਗਾ ਸੀ ਕਿ ਕਿਸੇ ਨੇ ਪਿਛੋਂ ਮੇਰੇ ਮੋਢੇ 'ਤੇ ਹੱਥ ਰੱਖਿਆ । ਮੈਂ ਮੁੜ੍ਹ ਕੇ ਦੇਖਿਆ ਇਹ ਓਹੀ ਰਿਕਸ਼ੇ ਵਾਲਾ ਸੀ । ਉਸਨੇ ਹੱਥ 'ਚ ਦਸ ਦਸ ਦੇ ਚਾਰ ਨੋਟ ਫੜ੍ਹੇ ਹੋਏ ਸੀ ਤੇ ਉਸਨੇ ਓਹ ਨੋਟ ਮੈਨੂੰ ਦੇਣੇ ਚਾਹੇ ਪਰ ਹਰਜੀਤ (ਸੁਰਜੀਤ ਦਾ ਛੋਟਾ ਭਰਾ) ਮੈਨੂੰ ਛੇਤੀ ਨਾਲ ਖਿੱਚ ਕੇ ਲੈ ਗਿਆ । ਮੈਂ ਵੀ ਉਸ ਵੱਲ ਕੋਈ ਖਾਸ ਧਿਆਨ ਨਾ ਦਿੱਤਾ ।

ਕੁੱਝ ਮਿੰਟਾਂ ਬਾਅਦ ਮੈਂ ਉਦਾਸ ਜਿਹਾ ਬਾਹਰ ਵੱਲ ਆ ਰਿਹਾ ਸੀ ਕਿਉਂ ਕਿ ਮੇਰਾ ਖੂਨ ਸੁਰਜੀਤ ਦੇ ਖੂਨ ਨਾਲ ਨਹੀਂ ਰਲਿਆ ਸੀ ਅਤੇ ਹਰਜੀਤ ਪਹਿਲਾਂ ਹੀ ਕਮਜੋਰੀ ਦਾ ਬਹਾਨਾ ਬਣਾ ਕੇ ਖੂਨ ਦੇਣ ਤੋਂ ਮਨਾ ਕਰ ਚੁੱਕਾ ਸੀ । ਹੋਰ ਕੋਈ ਰਿਸ਼ਤੇਦਾਰ ਅਜੇ ਆਇਆ ਨਹੀ ਸੀ ਅਤੇ ਸੁਰਜੀਤ ਦੀ ਹਾਲਤ ਹੋਰ ਖਰਾਬ ਹੁੰਦੀ ਜਾ ਰਹੀ ਸੀ । ਇਹੀ ਸੋਚ ਕੇ ਮੈਂ ਸਰਜੀਤ ਨੂੰ ਮਿਲਣ ਜਾਂ ਦੀ ਥਾਂ ਬਾਹਰ ਕਿਸੇ ਨੂੰ ਲੱਭਣ ਆ ਰਿਹਾ ਸੀ । "ਕੀ ਗੱਲ ਹੋ ਗਈ ਭਾਜੀ?" ਉਸਨੇ ਚਾਲੀ ਰੁਪਏ ਮੇਰੇ ਵੱਲ ਵਧਾਉਂਦੇ ਹੋਏ ਪੁੱਛਿਆ । ਓਹ ਅਜੇ ਗਿਆ ਨਹੀ ਸੀ । "ਖੂਨ ਨਹੀਂ ਰਲਿਆ ਯਾਰ" ਮੈਂ ਉਸ ਨਾਲ ਸੋਚਾਂ 'ਚ ਗਵਾਚੇ ਨੇ ਹੀ ਦੁੱਖ ਸਾਂਝਾ ਕੀਤਾ, ਜਿਵੇਂ ਸੱਚੀਂ ਓਹ ਮੇਰਾ ਯਾਰ ਹੋਵੇ । "ਮੈਂ ਚੈਕ ਕਰਾ ਕੇ ਦੇਖਾਂ ਭਾਜੀ?" ਉਸਨੇ ਬਿਨਾ ਕਿਸੇ ਸਾਂਝ ਦੇ, ਬਿਨਾ ਜਾਣੇ ਮਰੀਜ਼ ਕੌਣ ਹੈ, ਕਿਥੋਂ ਦਾ ਹੈ, ਇਹ ਗੱਲ ਆਖੀ ।

ਝੱਟ ਹੀ ਮੈਨੂੰ ਹੋਸ਼ ਆਈ । "ਤੂੰ ਦੇਵੇਂਗਾ ਖੂਨ ਸੁਰਜੀਤ ਨੂੰ ?" ਮੇਰੇ ਮੂੰਹੋਂ ਅਚਾਨਕ ਨਿਕਲਿਆ । "ਭਾਜੀ ਜੇ ਮੇਰਾ ਖੂਨ ਕਿਸੇ ਦੀ ਜਾਨ ਬਚਾ ਸਕੇ ਤਾਂ ਇਸ ਤੋਂ ਵੱਡੀ ਹੋਰ ਕੀ ਗੱਲ ਹੈ" ਉਹ ਇਹ ਗੱਲ ਕਹਿ ਕੇ ਬਿਨਾ ਮੇਰੀ ਮਰਜੀ ਜਾਣੇ, ਅੱਗੇ ਹੋ ਤੁਰਿਆ ।
"ਸ਼ਾਇਦ ਇਹ ਕੋਈ ਫਰਿਸ਼ਤਾ ਹੀ ਹੈ" ਇਹ ਗੱਲ ਬੇਬੇ ਜੀ ਨੇ ਕਹੀ । ਭੋਲੂ ਨੇ ਸੁਰਜੀਤ ਦੀ ਜਾਨ ਬਚਾ ਲਈ । ਫਿਰ ਓਹ ਮੇਰਾ ਕਾਫੀ ਵਾਕਿਫ਼ ਹੋ ਗਿਆ ਸੀ ਅਤੇ ਹੁਣ ਤੱਕ ਮਿਲਦਾ ਗਿਲਦਾ ਰਹਿੰਦਾ ਹੈ ।

ਅੱਜ ਇਸ ਘਟਨਾ ਨੂੰ ਇੱਕ ਸਾਲ ਤੋਂ ਵਧ ਸਮਾ ਹੋ ਗਿਆ ਸੀ । ਪਰ ਇਹ ਘਟਨਾ ਮੈਨੂ ਅੱਜ ਕਿਉ ਯਾਦ ਆ ਰਹੀ ਸੀ ।

ਮੈਂ ਪਿੰਡੋਂ ਤੁਰਦਾ ਮੇਨ ਸੜਕ ਵਾਲੇ ਮੋੜ ਵੱਲ ਆ ਰਿਹਾ ਸੀ ਜਿਥੇ ਬੱਸ ਰੁਕਦੀ ਸੀ । ਮੈਂ ਪਿੰਡ ਇੱਕ ਕੰਮ ਦੇ ਸਿਲਸਲੇ 'ਚ ਗਿਆ ਸੀ ਜੋ ਬੇਬੇ ਜੀ ਨੇ ਮੇਰੇ ਜਿਮੇ ਸੁਟਿਆ ਸੀ । ਸੁਰਜੀਤ ਦੇ ਵਿਆਹ ਨੂੰ ਦਸ ਸਾਲ ਹੋ ਗਏ ਸੀ ਪਰ ਅਜੇ ਤੱਕ ਉਸਦੀ ਕੋਈ ਔਲਾਦ ਨਹੀਂ ਸੀ । ਅਤੇ ਡਾਕਟਰਾਂ ਦੇ ਕਹਿਣ ਮੁਤਾਬਕ ਉਹ ਹੁਣ ਕਦੇ ਬਾਪ ਨਹੀ ਬਣ ਸਕਦਾ ਸੀ ।

ਮੇਰੇ ਬੜੇ ਕਹਿਣ ਤੇ ਓਹ ਮੰਨ ਗਿਆ ਸੀ ਕਿ ਔਲਾਦ ਗੋਦ ਲੈ ਲਵੇ । ਬੇਬੇ ਜੀ ਨੂੰ ਮਨਾਉਣ ਔਖਾ ਸੀ ਪਰ ਅਖੀਰ ਮੈਂ ਤੇ ਸੁਰਜੀਤ ਨੇ ਉਨ੍ਹਾਂ ਨੂੰ ਵੀ ਮਨਾ ਲਿਆ । ਉਨ੍ਹਾਂ ਨੂੰ ਵੀ ਪਤਾ ਸੀ ਇਨ੍ਹੀਂ ਜਮੀਨ ਜਾਇਦਾਦ ਕੌਣ ਸਾਂਭੇਗਾ । ਓਹਨਾ ਬਚਾ ਗੋਦ ਲੈ ਕੇ ਦੇਣ ਦੀ ਸਾਰੀ ਗੱਲ ਮੇਰੇ ਤੇ ਪਾ ਦਿੱਤੀ । ਇਸ ਗੱਲ ਨੂੰ ਸੱਤ ਕੁ ਮਹੀਨੇ ਹੋਏ ਸੀ । ਪਰ ਛੇਤੀ ਹੀ ਮਗਰੋਂ ਹਰਜੀਤ ਦਾ ਵਿਆਹ ਆ ਗਿਆ ਜਿਸ ਕਰਕੇ ਬਚਾ ਗੋਦ ਲੈਣ ਦੀ ਗੱਲ ਥੋੜੀ ਅੱਗੇ ਪੈ ਗਈ ।

ਪਰ ਅੱਜ ਮੈਂ ਇਸ ਸਿਲਸਲੇ 'ਚ ਪਿੰਡ ਆਇਆ ਸੀ ।

"ਬੇਬੇ ਜੀ, ਭੋਲੂ ਨੂੰ ਤਾਂ ਤੁਸੀਂ ਜਾਂਦੇ ਹੀ ਹੋ, ਉਸਦੇ ਪਹਿਲਾਂ ਹੀ ਚਾਰ ਜਵਾਕ ਨੇ, ਪਰ ਅਜੇ ਦੋ ਦਿਨ ਪਹਿਲਾਂ ਹੀ ਉਸਦੇ ਘਰ ਫਿਰ ਮੁੰਡਾ ਹੋਇਆ ਹੈ । ਉਸਤੋਂ ਪਹਿਲਾਂ ਹੀ ਆਪਣਾ ਪਰਿਵਾਰ ਪਾਲਿਆ ਨਹੀ ਜਾਂਦਾ । ਹੁਣ ਉਹ ਨਵਜੰਮੇ ਬਚੇ ਨੂੰ ਕਿਵੇਂ ਪਾਲੇਗਾ । ਮੈਂ ਉਸ ਨਾਲ ਗੱਲ ਕੀਤੀ ਹੈ ਅਤੇ ਉਹ ਰਾਜ਼ੀ ਵੀ ਹੋ ਗਿਆ ਹੈ ।" ਮੈਂ ਬੜੀ ਖੁਸ਼ੀ ਤੇ ਆਸ ਨਾਲ ਇਹ ਸਾਰੀ ਗੱਲ ਇੱਕੋ ਸਾਹੇ ਕਹਿ ਗਿਆ ।

ਪਹਿਲਾਂ ਸਾਰੇ ਚੁੱਪ ਰਹੇ, ਪਰ ਬੇਬੇ ਜੀ ਨੇ ਚੁੱਪ ਤੋੜਦਿਆਂ ਕਿਹਾ, " ਵੇਖ ਪੁੱਤ, ਗੱਲ ਤਾਂ ਤੇਰੀ ਠੀਕ ਹੈ, ਪਰ .. ਕੋਈ ਆਪਣਾ ਖੂਨ ਹੋਵੇ ਤਾਂ ਗੱਲ ਹੈ, ਨਾਲੇ ਪਰਾਇਆ ਖੂਨ ਆਖਿਰ ਪਰਾਇਆ ਹੀ ਹੁੰਦਾ ਹੈ । " ਨਾਲ ਹੀ ਬੇਬੇ ਜੀ ਨੇ ਆਪਣੀਆਂ ਨਜ਼ਰਾਂ ਹਰਜੀਤ ਦੀ ਨਵੀਂ ਵਿਆਹੀ ਵਹੁਟੀ ਦੇ ਢਿੱਡ 'ਤੇ ਟਕਾ ਲਈਆਂ ।

"ਪਰਾਇਆ ਖੂਨ" ਇੱਕ ਵਾਰ ਇਹ ਸ਼ਬਦ ਮੇਰੇ ਮੂੰਹੋਂ ਨਿਕਲੇ ਪਰ ਫਿਰ ਮੈਂ ਚੁੱਪ ਕਰ ਗਿਆ । ਸ਼ਾਇਦ ਫਿਰ ਹੋਰ ਕੋਈ ਸ਼ਬਦ ਮੇਰੇ ਦਿਮਾਗ ਚ ਹੀ ਨਾ ਆਇਆ । ਮੈਂ ਚਾਹ ਦਾ ਕੱਪ ਮੇਜ ਤੇ ਧਰਿਆ ਅਤੇ ਬਿਨਾ ਹੋਰ ਕੁਝ ਬੋਲੇ ਸੁਰਜੀਤ ਦੇ ਘਰੋਂ ਨਿਕਲ ਆਇਆ ।
ਬੱਸ ਦਾ ਹਾਰਨ ਵੱਜਾ, ਮੇਰੀ ਸੋਚਾਂ ਦੀ ਲੜੀ ਟੁੱਟੀ ਅਤੇ ਮੈਂ ਬੱਸ 'ਚ ਚੜ ਗਿਆ । ਕੰਡਕਟਰ ਨੇ ਮੇਰੇ ਕੋਲ ਆ ਕੇ ਪੁੱਛਿਆ, "ਕਿਥੇ ਜਾਣਾ ?" "ਲੁਧਿਆਣੇ ਸਮਰਾਲਾ ਚੋਂਕ" ਮੈਂ ਜਵਾਬ ਦਿੱਤਾ ਅਤੇ ਜੇਬ ਵਿਚੋਂ ਸੋ ਦਾ ਨੋਟ ਕੱਡ ਕੇ ਉਸ ਵੱਲ ਵਧਾਇਆ । ਉਸਨੇ ਟਿਕਟ ਮੈਨੂੰ ਦੇ ਦਿੱਤੀ । ਪਰ ਪਤਾ ਨਹੀਂ ਮੇਰੇ ਮੂੰਹੋਂ ਬੇਵਜ੍ਹਾ ਹੀ ਇੱਕ ਸ਼ਬਦ ਨਿਕਲਿਆ 'ਬਕਾਇਆ' ।

0 comments:

Post a Comment