ਤੂੰ ਮੈਨੂੰ ਜਿਸਮ ਤੋਂ ਪਾਰ ਜਾਣ ਦੇ
ਓਥੇ ਜਿਥੇ ਅੱਗ ਬਲਦੀ ਨਹੀਂ
ਬਰਫ਼ ਪਿਘਲਦੀ ਨਹੀਂ
ਨਜ਼ਰ ਤੇਰੀਆਂ ਬਾਹਾਂ 'ਤੇ ਰੁਕਦੀ ਨਹੀਂ ।
ਜਿਥੇ ਨਾ ਤੂੰ ਮਰਦ ਹੈਂ
ਨਾ ਮੈਂ ਔਰਤ ਹਾਂ
ਜਿਥੇ ਤਾਰਿਆਂ ਦੇ ਵਸਤਰੀਂ ਕੱਜਿਆ
ਤੂੰ ਇੱਕ ਸੁਪਨਾ ਹੈਂ
ਆਕਾਸ਼ ਹੈਂ
ਤੇ ਮੈਂ ਬਿਨਾ ਕਿਸੇ ਸਿੱਕ ਦੇ, ਤੜਪ ਦੇ
ਤੇਰੇ ਅਸੀਮ ਸੀਨੇ 'ਤੇ
ਇੱਕ ਬਦਲੀ ਬਣ ਤੈਰਦੀ ਹਾਂ |
ਪਰ, ਤੂੰ ਤਾਂ ਬਾਲ ਦਿੰਦਾ ਹੈਂ ਅੱਗ ਆਪਣੀ ਨਜ਼ਰ ਨਾਲ,
ਤੇ ਹਲਕੀ ਜਹੀ ਮੁਸਕ੍ਰਾਹਟ ਨਾਲ
ਤੇ ਮੈਂ ਬੂੰਦ ਬੂੰਦ ਹੋ ਪਿਘਲਦੀ
ਹੋ ਜਾਂਦੀ ਹਾਂ ਕੁਝ ਹੋਰ ਹੀ
ਤੇ ਫ਼ਿਰ ਬਣ ਕੇ ਔਰਤ
ਮਹਿਕ ਤੇਰੀ ਵਿਚ ਹਾਂ ਓਹ ਮਰਦ ਭਾਲਦੀ
ਜਿਹੜਾ ਸੂਰਜ ਵਾਂਗੂੰ ਮਘਦਾ ਹੋਵੇ
ਸਮੁੰਦਰ ਵਾਂਗ ਬੇਚੈਨ ਹੋਵੇ
ਆਪਣੀ ਅੱਗ ਵਿਚ ਮਚਦਾ, ਤੇ ਮੈਨੂੰ ਮਚਾਉਂਦਾ
ਤੂਫ਼ਾਨ ਬਣ, ਬਾਰ ਬਾਰ ਉਠਦਾ, ਡਿਘਦਾ
ਕਿਨਾਰਿਆਂ ਵੱਲ ਨੱਸਦਾ, ਛੂਹੰਦਾ, ਤੇ ਮੁੜਦਾ ।
ਓਹ ! ਮੈਂ ਕਿਸ ਦੁਨੀਆਂ ਨੂੰ ਲੁੱਟਦੀ ਹਾਂ
ਤੇ ਜੀਂਦੀ ਹਾਂ !
ਉਦੋਂ ਹੀ, ਠੀਕ ਉਦੋਂ ਹੀ
ਤੂੰ ਭਗਵਾਂ ਚੋਲਾ ਪਾ
ਪਛਮ ਵੱਲ ਤੁਰ ਪੈਂਦਾ ਹੈਂ
ਤੇ ਡੁੱਬਦੇ ਸੂਰਜ ਵਿਚ
ਅਲੋਪ ਹੋ ਜਾਂਦਾ ਹੈਂ ।

0 comments:
Post a Comment