ਸੋਚਦਾ ਕੁਝ ਹੋਰ ਹਾਂ ਮੈਂ ਬੋਲਦਾ ਕੁਝ ਹੋਰ ਹਾਂ ।
ਵਸਤ ਕਿਧਰੇ ਹੋਰ ਗੁਮ ਹੈ ,ਫੋਲਦਾ ਕੁਝ ਹੋਰ ਹਾਂ ।
ਕੁਫਰ ਦਾ ਹਟਵਾਣੀਆ ਹਾਂ ਦੇ ਰਿਹਾਂ ਖੁਦ ਨੂ ਫਰੇਬ
ਵੇਚਦਾ ਕੁਝ ਹੋਰ ਹਾਂ ਮੈਂ ਤੋਲਦਾ ਕੁਝ ਹੋਰ ਹਾਂ ।
ਹੋਸ਼ ਤੇ ਮਸਤੀ ਮੇਰੀ ਇੱਕਮਿੱਕ ਨਹੀਂ ਹੋਈਆਂ ਅਜੇ
ਯਤਨ ਸੰਭਲਣ ਦਾ ਕਰਾਂ ਤਾਂ ਡੋਲਦਾ ਕੁਝ ਹੋਰ ਹਾਂ ।
ਕੁਝ ਕੁ ਤੇਰੀ ਅੱਖ ਵਿਚ ਵੀ ਫ਼ਰਕ ਹੈ , ਮੈਂ ਵੀ ਤਾਂ ਪਰ
ਦੂਰ ਦਾ ਕੁਝ ਹੋਰ ਹਾਂ ਤੇ ਕੋਲ ਦਾ ਕੁਝ ਹੋਰ ਹਾਂ ।
ਮੈਂ ਮੁਨਾਖਾ ਹੀ ਨਹੀਂ ਮੈਂ ਅਕਲ ਦਾ ਅੰਨ੍ਹਾ ਵੀ ਹਾਂ
ਮੈਂ ਗਵਾਇਆ ਹੋਰ ਕੁਝ ਹੈ ,ਟੋਲਦਾ ਕੁਝ ਹੋਰ ਹਾਂ ।

0 comments:
Post a Comment