,

ਅੱਜ ਰੋ ਰਿਹਾ ਪੰਜਾਬ




















ਅੱਜ ਰੋ ਰਿਹਾ ਪੰਜਾਬ ਧਾਹਾਂ ਮਾਰ ਬੇਲੀਆ ।
ਮੁੱਕ ਗਈ ਤਰਿੰਝਣਾ ਚੋਂ ਚਰਖੇ ਦੀ ਘੁਕ ਜਿਵੇਂ,
ਦਿਲਾਂ ਵਿੱਚੋਂ ਮੁੱਕੀ ਜਾਂਦੈ ਪਿਆਰ ਬੇਲੀਆ ।


ਮੁੱਕ ਗਿਆ ਆੜੀਆਂ ਨਾਲ ਸੱਥ ਵਿੱਚ ਬਹਿਣਾ
ਬਾਬੇ ਕਿਸ਼ਨੇ ਦੀ ਕਥਾ ਖੁੱਸ ਗਈ ਏ ।
ਨਸ਼ਿਆਂ ਨੇ ਚੋਬਰਾਂ ਨੂੰ ਕਰਤਾ ਮੰਡੀਹਰ ,
ਸਾਡੇ ਬੱਚਿਆਂ ਦੀ ਝਾਤ ਬੁੱਸ ਗਈ ਏ ।
ਮੁੱਕ ਚੱਲੀ ਸਾਂਝ ਜਿਹੜੀ ਰੱਖਦੇ ਹੁੰਦੇ ਸੀ ,
ਮੀਆਂ ਘੁੱਲਾ ਤੇ ਬੇਅੰਤ ਸਰਦਾਰ ਬੇਲੀਆ ।
ਅੱਜ ਰੋ ਰਿਹਾ ਪੰਜਾਬ .................................।


ਹੁਣ ਕਿਸੇ ਗੀਤਕਾਰ ਦਿਆਂ ਗੀਤਾਂ ਦਿਆਂ ਨੈਣਾ ਵਿੱਚ ,
ਬਿਰਹੋਂ ਦੀ ਰੜਕ ਨਾ ਪੈਂਦੀ ਏ ।
ਸਗੋਂ ਨਿੱਤ ਨਵੀਂ ਮੁਟਿਆਰ ਉਹਦੇ ਹਰ ਨਵੇਂ ,
ਗੀਤ ਵਿੱਚ ਭੰਡ ਹੁੰਦੀ ਰਹਿੰਦੀ ਏ ।
ਵੇਚਕੇ ਜ਼ਮੀਰ ਰੋਟੀ ਖਾ ਰਹੇ ਨੇ ਸਾਰੇ ,
ਇਹਨਾਂ ਕਲਾ ਨੂੰ ਬਣਾ ਲਿਆ ਵਪਾਰ ਬੇਲੀਆ ।
ਅੱਜ ਰੋ ਰਿਹਾ ਪੰਜਾਬ ....................................।


ਮਾਨਾਂ ਵਾਲੇ ਤਾਉਂਦੀ ਨਹੀਂ ਜਗੀਰੋ ਹੁਣ ਭੱਠੀ ,
ਨਾ ਹੀ ਰੋਡਾ ਘੋਨਾ ਗੁੱਲੀ ਡੰਡਾ ਖੇਲਦੇ ।
ਗਲੀਆਂ'ਚ ਖੜਦਾ ਏ ਮੀਹਾਂ ਦਾ ਵੀ ਪਾਣੀ ,
ਪਰ ਬੇੜੀਆਂ ਜਵਾਕ ਨਹੀਂਉਂ ਠੇਲਦੇ ।
ਏਕਤਾ ਦਾ ਜਜ਼ਬਾ ਤਾਂ ਭਾਸ਼ਨਾ'ਚ ਰਹਿ ਗਿਐ,
ਦਿਲੋਂ ਇੱਕ ਦੂਜੇ ਨਾਲ ਖਾਂਦੇ ਖਾਰ ਬੇਲੀਆ ।
ਅੱਜ ਰੋ ਰਿਹਾ ਪੰਜਾਬ ...............................।


ਗਲ ਵਿੱਚ ਪਾਕੇ ਚੁੰਨੀ ਫਿਰਦੀ ਬਜ਼ਾਰੀਂ ,
ਜਿਹੜੀ ਨੰਗਾ ਸਿਰ ਕਦੇ ਨਾ ਸੀ ਰੱਖਦੀ ।
ਫੈਸ਼ਨਾਂ'ਚ ਰੁਲੀ ਮੇਰੇ ਦੇਸ ਦੀ ਰਕਾਨ ,
ਏਹਤੋਂ ਚੁੱਲੇ ਉੱਤੇ ਰੋਟੀ ਨਹੀਂਉਂ ਪੱਕਦੀ ।
ਮੁੱਕ ਗਏ ਨੇ ਸੱਗੀ ਫੁੱਲ ਮੱਥੇ ਤੇ ਸਜਾਉਣੇ ,
ਕੰਨੀਂ ਵਾਲੀਆਂ ਕਿੱਥੇ ਗਏ ਰਾਣੀ ਹਾਰ ਬੇਲੀਆ ।
ਅੱਜ ਰੋ ਰਿਹਾ ਪੰਜਾਬ ........................।


ਤਾਇਆ ਬਖਸ਼ੀਸ਼ ਸਿੰਘ ਵਿਹਲਾ ਬੈਠਾ ਰਹਿੰਦਾ,
ਹੁਣ ਆਉਂਦਾ ਨਹੀਂ ਪੰਜਾਲੀਆਂ ਬਣਾਉਣ ਕੋਈ ।
ਸਾਗ ਵਾਲੇ ਦਾਤ ਕਿਤੇ ਰਹਿ ਗਏ ਨੇ ਅਜਾਇਬ ਘਰੀਂ ,
ਕਦੇ ਆਇਆ ਨਹੀਂ ਚਿਲਮਾਂ ਮੜਾਉਣ ਕੋਈ ।
ਕਾਰੀਗਰੀ ਦੋਹੀਂ ਹੱਥੀ ਪਿੱਟਦੀ ਫਿਰੇ ,
ਇੱਕ ਹੁੰਦਾ ਸੀ ਨੱਕਾਸ਼ ਗੀਤਕਾਰ ਬੇਲੀਆ ।
ਅੱਜ ਰੋ ਰਿਹਾ ਪੰਜਾਬ ..........................।

0 comments:

Post a Comment