ਇੱਕ ਪਰੀ ਮੇਰੇ ਸੁਪਨੇ ਦੇ ਵਿਚ
ਸਰਘੀ ਵੇਲੇ ਆਈ ਸੀ ।
ਤੇਰੇ ਵਰਗਾ ਮੁੱਖ ਸੀ ਓਹਦਾ,
ਜਿਵੇਂ ਤੇਰੀ ਮੇਰੀ ਜਾਈ ਸੀ ।
ਮੇਰੇ ਵਰਗੀਆਂ ਅੱਖਾਂ ਦੇ ਵਿਚ
ਤੇਰੇ ਵਰਗੀ ਤੱਕਣੀ ਸੀ ।
ਰੰਗ ਓਹਦਾ ਪਰ ਤੇਰੇ ਵਰਗਾ
ਕਣਕ ਜਿਵੇਂ ਅਜੇ ਪੱਕਣੀ ਸੀ ।
ਓਹਨੂੰ ਤੱਕ ਤੇਰੀ ਹੀ ਲੱਗੇ
ਸੂਰਤ ਕਾਗਜ਼ ਉੱਤੇ ਵਾਈ ਸੀ ।
ਇੱਕ ਪਰੀ ਮੇਰੇ ਸੁਪਨੇ ਦੇ ਵਿਚ
ਸਰਘੀ ਵੇਲੇ ਆਈ ਸੀ ।
ਆਪਣੀ ਹੀ ਰੂਹ ਦਾ ਮੈਨੂੰ
ਅਕਸ ਜਿਹਾ ਜਾਪ ਰਹੀ ਸੀ ।
ਓਹ ਵੀ ਰਟ ਕੋਈ ਤੇਰੇ ਵਾਲੀ
ਲੱਗਿਆ ਮੈਨੂੰ ਅਲਾਪ ਰਹੀ ਸੀ ।
ਜੋ ਤੇਨੂੰ ਗਾਨੀ ਦਿੱਤੀ ਸੀ ਮੈਂ,
ਓਹਨੇ ਗਲ ਵਿਚ ਪਾਈ ਸੀ ।
ਇੱਕ ਪਰੀ ਮੇਰੇ ਸੁਪਨੇ ਦੇ ਵਿਚ
ਸਰਘੀ ਵੇਲੇ ਆਈ ਸੀ ।
ਪਤਲੀਆਂ ਪਤਲੀਆਂ ਬੁੱਲਿਆਂ ਦੇ ਵਿਚ
ਕੋਈ ਕਵਿਤਾ ਮੇਰੀ ਗਾ ਰਹੀ ਸੀ ।
ਮੈਨੂੰ ਆਖਰੀ ਮੁਲਾਕਾਤ ਵਾਲੀ,
ਤੇਰੀ ਸੂਰਤ ਚੇਤੇ ਆ ਰਹੀ ਸੀ ।
ਤੇਰੇ ਵਾਂਗਾਂ ਜਿੱਦੀ, ਉਠ ਉਠ ਜਾਂਦੀ,
ਮੈਂ ਘੂਰੀ ਨਾਲ ਬਠਾਈ ਸੀ ।
ਇੱਕ ਪਰੀ ਮੇਰੇ ਸੁਪਨੇ ਦੇ ਵਿਚ
ਸਰਘੀ ਵੇਲੇ ਆਈ ਸੀ ।
ਮੇਰਾ ਓਹਦਾ, ਓਹਦਾ ਤੇਰਾ,
ਅਜੇ ਨਾਤਾ ਚਾਹੇ ਸਾਫ਼ ਨਹੀਂ ।
ਸੁਪਨੇ ਦੇ ਵਿਚ ਧੀ ਦਾ ਜੰਮਣਾ,
ਪਰ ਸ਼ਾਇਦ ਕੋਈ ਪਾਪ ਨਹੀਂ ।
ਇਸ ਲਈ ਆਪਣੀ ਧੀ ਕਹਿ ਕੇ,
ਮੈਂ ਉਹ ਸੀਨੇ ਦੇ ਨਾਲ ਲਾਈ ਸੀ ।
ਇੱਕ ਪਰੀ ਮੇਰੇ ਸੁਪਨੇ ਦੇ ਵਿਚ
ਸਰਘੀ ਵੇਲੇ ਆਈ ਸੀ ।

0 comments:
Post a Comment