ਖਲੋ ਕੇ ਓਟ ਵਿਚ ਤੂਫ਼ਾਨ ਨੂੰ ਚੰਚਲ ਹਵਾ ਨਾ ਕਹਿ ।
ਝੜੇ ਪੱਤਿਆਂ ਤੇ ਬੁਝਿਆਂ ਦੀਵਿਆਂ ਦੇ ਰੁਬੁਰੁ ਵੀ ਬਹਿ ।
ਵਫ਼ਾ ਤਾਂ ਮਰ ਗਈ ਨਫਰਤ ਹੀ ਜਿੰਦਾ ਰਹ ਸਕੇ ਸ਼ਾਇਦ
ਮੇਰੇ ਨਾਜ਼ੁਕ ਦਿਲਾ ਹੁਣ ਤੂੰ ਕਿਸੇ ਖੰਜਰ ਦੇ ਸੀਨੇ ਲਹਿ ।
ਅਸਾਡੇ ਇਸ਼ਕ਼ ਆਪਣੇ ਹੁਸਨ ਨੂੰ ਵਿਸਥਾਰ ਦੇ ਐਦਾਂ
ਮੇਰੇ ਮਹਿਬੂਬ ਤੂੰ ਮੇਰੇ ਰਕੀਬਾਂ ਦਾ ਵੀ ਹੋਕੇ ਰਹਿ ।
ਨਾ ਤੈਰਨ ਨੂੰ ਜਗਾਹ ਐਥੇ ਨਾ ਡੁਬਨ ਨੂੰ ਹੀ ਥਾਂ ਕੋਈ
ਸਮੁੰਦਰ ਇਸ਼ਕ਼ ਦਾ ਐਸਾ ਹੈ ਜਿਸ ਦੀ ਨਾ ਸਤਹ ਨਾ ਤਹਿ ।
ਤੂੰ ਜਿਸ ਰਸਤੇ ਵੀ ਜਾਵੇਂਗੀ ਸਮੁੰਦਰ ਤਕ ਹੀ ਜਾਵੇਂਗੀ
ਨੀਂ ਚੰਚਲ ਮਨ ਦੀਏ ਨਦੀਏ ਰਤਾ ਨਿਸ਼ਚਿੰਤ ਹੋਕੇ ਵਹਿ ।

0 comments:
Post a Comment