ਨਾਂ ਦਾ ਸਾਂਵਲ ਰੁਖ ਸੁਨਿਹਰੀ
ਅੱਲੜ ਧੁੱਪਾਂ ਦਾ ਸਿਰਨਾਵਾਂ,
ਮੁੜ ਜਾ ਚੋਭਰ ਰਾਈਆ ਵੇ
ਪਾ ਜਾ ਸਦਕੇ ਝੋਲ ਬਲਾਵਾਂ !
ਅਰਸ਼ੋਂ ਢੁੱਕ ਢੁੱਕ ਤਾਰਾ ਮੰਡਲ
ਤੇਰੇ ਹੱਥੀਂ ਚਿਲਕ ਸੰਵਾਰੇ,
ਦੂਰ ਖਲੋ ਜ਼ਰਾ ਚੋਭ ਤਿੱਖੀ
ਅਸੀਂ ਤਿੜਕ ਹੰਢਾਵਣ ਹਾਰੇ !
ਸੁਰਖ ਸਮਾਧੀਆਂ ਵਿੱਚ ਮਲੰਗ
ਦੋ ਜੋਗੀ ਜੋਗ ਧੁਖੇਂਦੇ,
ਨੈਣਾਂ ਦਾ ਸਿੰਗਾਰ ਸੱਜਣ
ਬਸ ਇਸ ਧੂਣੀ ਦੇ ਲੇਖੇ !
ਇੱਕ ਤੜਪ ਸੀ ਧੁਰੋਂ ਮਿਲੀ
ਕੁੱਝ ਤਾਂ ਵੀ ਨੈਨਾ ਕਾਰੇ,
ਦੂਰ ਖਲੋ ਜ਼ਰਾ ਚੋਭ ਤਿੱਖੀ
ਅਸੀਂ ਤਿੜਕ ਹੰਢਾਵਣ ਹਾਰੇ !
ਚੇਤਿਆਂ ਦੇ ਵਿੱਚ ਘੁਲਿਆ ਚੇਤਰ
ਨਾ ਤਦ ਪੋਟਿਆਂ ਥਾਣੀਂ ਸਿੰਮੇ,
ਅੰਤਰ ਪੀੜਾਂ ਦੀ ਖੁਸ਼ਬੋਈ
ਜਾਲ ਦਵੇ ਜਦ ਸੁਫਨੇ ਨਿੰਮੇ !
ਜਾਗਦੀਆਂ ਨੀਂਦਾਂ ਦੇ ਟੋਲੇ
'ਤੋਂ ਜਾਵਾਂ ਤਾਈਓਂ ਬਲਹਾਰੇ,
ਦੂਰ ਖਲੋ ਜ਼ਰਾ ਚੋਭ ਤਿੱਖੀ
ਅਸੀਂ ਤਿੜਕ ਹੰਢਾਵਣ ਹਾਰੇ !
ਰਾਤਾਂ ਡਾਢੀਆਂ ਕਾਲੀਆਂ ਚੰਦਰ
ਨਾ ਦਿਨਾਂ 'ਤੇ ਨੂਰ ਚੜ੍ਹੇ,
ਵਾਟਾਂ ਗੁੰਮੀਆਂ ਅਧ-ਵਾਟਿਓਂ
ਸੰਗੀ ਸਿਦਕੋਂ ਟੁੱਟ ਝੜੇ !
ਨਾ ਕੋਈ ਦੋਸ਼ੀ ਨਾ ਬੇਗੋਸ਼
ਆਪ ਹੀ ਸਾਈਂ ਕਰਮਾਂ ਮਾਰੇ,
ਦੂਰ ਖਲੋ ਜ਼ਰਾ ਚੋਭ ਤਿੱਖੀ
ਅਸੀਂ ਤਿੜਕ ਹੰਢਾਵਣ ਹਾਰੇ !
ਨਾਂ ਦਾ ਸਾਂਵਲ ਰੁਖ ਸੁਨਿਹਰੀ
ਅੱਲੜ ਧੁੱਪਾਂ ਦਾ ਸਿਰਨਾਵਾਂ,
ਮੁੜ ਜਾ ਚੋਭਰ ਰਾਈਆ ਵੇ
ਪਾ ਜਾ ਸਦਕੇ ਝੋਲ ਬਲਾਵਾਂ !
ਅਰਸ਼ੋਂ ਢੁੱਕ ਢੁੱਕ ਤਾਰਾ ਮੰਡਲ
ਤੇਰੇ ਹੱਥੀਂ ਚਿਲਕ ਸੰਵਾਰੇ,
ਦੂਰ ਖਲੋ ਜ਼ਰਾ ਚੋਭ ਤਿੱਖੀ
ਅਸੀਂ ਤਿੜਕ ਹੰਢਾਵਣ ਹਾਰੇ !

0 comments:
Post a Comment