,

ਨਫ਼ਰਤ




















ਮੈਨੂੰ ਖੁਦ ਤੋਂ ਬਹੁਤ ਨਫਰਤ ਹੈ
ਪਤੈ,
ਜਦ ਮੈਂ ਤੁਰਦਾ ਹਾਂ
ਤਾਂ ਕਦਮ ਚਲਦੇ ਨਹੀਂ
ਕਦਮ ਛਲਦੇ ਹਨ
ਮੇਰੀ ਨਜ਼ਰ
ਐਟਮ ਬੰਬ ਵਾਂਗ
ਹਰ ਨਜ਼ਾਰੇ ਨੂੰ ਰਾਖ ਕਰ ਦਿੰਦੀ ਐ
'ਤੇ ਇਹਨਾਂ ਦਾ ਧੂੰਆਂ
ਮੇਰੇ ਜ਼ਹਿਨ ਵਿੱਚ ਉੱਡਦਾ ਰਹਿੰਦਾ ਹੈ
ਮੈਨੂੰ ਵੇਖਦੇ ਹੀ
ਹਰ ਸ਼ਖਸ ਦੇ ਮੱਥੇ 'ਤੇ
ਮੇਰੇ ਕੱਪੜਿਆਂ ਵਾਂਗ
ਵੱਟ ਪੈ ਜਾਂਦੇ ਨੇ
ਸ਼ਾਇਦ ਓਹ ਮੇਰੇ ਵਜੂਦ ਦੀ ਬਦਬੂ ਤੋਂ
ਤੰਗ ਆ ਚੁੱਕੇ ਨੇ
ਮੇਰੇ ਸਿਰ ਵਿੱਚ ਹਰ ਵਕਤ
ਇੱਕ ਪੀੜ ਰਹਿੰਦੀ ਹੈ
'ਤੇ ਜਦ ਮੈਂ ਅੱਖਾਂ ਬੰਦ ਕਰਦਾਂ
ਤਾਂ ਲੱਗਦਾ ਹੈ ਕਿ
ਮੈਂ ਧਰਤੀ ਦੀ ਵੱਡੀ ਸਾਰੀ ਅੱਖ 'ਚ ਪਿਆ
ਇੱਕ ਕੱਚ ਦਾ ਟੁਕੜਾ ਹਾਂ
ਜਿਹਨੂੰ ਉਹ ਵਿਚਾਰੀ ਵੇਲੇ-ਕੁਵੇਲੇ
ਮਸਲਦੀ ਰਹਿੰਦੀ ਹੈ
ਮੈਂ ਰੋਜ਼ ਰਾਤ
ਆਪਣੀ ਸੰਘਣੀ ਚੁੱਪ ਦਾ ਨਾਗ
ਆਪਣੇ ਖ਼ੁਦਗਰਜ਼ ਖਿਆਲਾਂ ਦੀ ਜੀਭ 'ਤੇ ਲੜਾਉਂਦਾ ਹਾਂ
ਮੈਂ ਇੱਕ ਗੰਦਗੀ ਨਾਲ ਭਰੇ ਚਿੱਕੜ ਵਰਗਾ ਹਾਂ
ਜਿਸ 'ਚ ਰੋੜਾ ਮਾਰਨਾ ਵੀ
ਘਾਟੇ ਦਾ ਸੌਦਾ ਹੈ
ਪਤੈ
ਮੇਰੇ ਜਿਸਮ ਨੂੰ ਕਾਮ ਦੀ ਇੱਕ ਕਾਲੀ ਗਿਰਝ
ਹਰ ਵੇਲੇ ਨੋਚਦੀ ਰਹਿੰਦੀ ਹੈ
ਮੇਰੀ ਰੂਹ ਹਰ ਵੇਲੇ ਸੇਕ ਮੰਗਦੀ ਹੈ
ਮੇਰੇ ਪਰਛਾਵੇਂ 'ਚੋਂ ਵੀ ਸੇਕ ਨਿਕਲਦਾ ਹੈ

ਮੈਨੂੰ ਅਫਸੋਸ ਹੈ
ਮੈਂ ਤੁਹਾਡੀ ਨਫਰਤ ਦੇ ਵੀ ਲਾਇਕ ਨਹੀਂ
ਬਸ ਮੈਨੂੰ ਇੱਕਲਾ ਹੋ ਜਾਣਾ ਚਾਹੀਦਾ
ਮੈਂ ਬਸ ਚਿੱਕੜ ਹਾਂ
ਹੁਣ ਮੈਨੂੰ ਸੁੱਕ ਜਾਣਾ ਚਾਹੀਦਾ
ਮੈਨੂੰ ਖੁਦ ਤੋਂ ਨਫਰਤ ਹੈ
ਮੈਨੂੰ ਆਪੇ ਤੋਂ ਨਫਰਤ ਹੈ......

0 comments:

Post a Comment