,

ਗੀਤ - ਪੀੜਾਂ ਦਾ ਪਰਾਗਾ





















ਤੈਨੂੰ ਦਿਆਂ ਹੰਝੂਆਂ ਦਾ ਭਾੜਾ,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਨੀਂ ਦੁਖਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਹੋ ਗਿਆ ਕੁਵੇਲਾ ਮੈਨੂੰ ,
ਢਲ ਗਈਆਂ ਛਾਵਾਂ ਨੀਂ ।
ਬੇਲਿਆਂ ਚੋਂ ਮੁੜ ਆਈਆਂ
ਮਝੀਆਂ ਤੇ ਗਾਵਾਂ ਨੀਂ ।

ਪਾਇਆ ਚਿੜੀਆਂ ਨੇ ਚੀਕ-ਚਿਹਾੜਾ
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ,
ਭੱਠੀ ਵਾਲੀਏ ।

ਤੈਨੂੰ ਦਿਆਂ ਹੰਝੂਆਂ ਦਾ ਭਾੜਾ,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਛੇਤੀ - ਛੇਤੀ ਕਰੀਂ
ਮੈਂ ਤਾਂ ਜਾਣਾਂ ਬੜੀ ਦੂਰ ਨੀਂ ।
ਜਿੱਥੇ ਮੇਰੇ ਹਾਣੀਆਂ ਦਾ
ਟੁਰ ਗਿਆ ਪੂਰ ਨੀਂ ।

ਉਸ ਪਿੰਡ ਦਾ ਸੁਣੀਂਦੈ ਰਾਹ ਮਾੜਾ,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ,
ਭੱਠੀ ਵਾਲੀਏ ।

ਤੈਨੂੰ ਦਿਆਂ ਹੰਝੂਆਂ ਦਾ ਭਾੜਾ,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਮੇਰੀ ਵਾਰੀ ਪੱਤਿਆਂ ਦੀ
ਪੰਡ ਸਿੱਲ੍ਹੀ ਹੋ ਗਈ ।
ਮਿੱਟੀ ਦੀ ਕੜਾਹੀ ਤੇਰੀ
ਕਾਹਨੂੰ ਪਿੱਲੀ ਹੋ ਗਈ ।

ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਤੈਨੂੰ ਦਿਆਂ ਹੰਝੂਆਂ ਦਾ ਭਾੜਾ,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਲੱਪ ਕੁ ਏ ਚੁੰਗ ਮੇਰੀ
ਮੈਨੂੰ ਪਹਿਲਾਂ ਟੋਰ ਨੀਂ ।
ਕੱਚੇ-ਕੱਚੇ ਰੱਖ ਨਾ ਨੀਂ
ਰੜ੍ਹ ਥੋੜੇ ਹੋਰ ਨੀਂ ।

ਕਰਾਂ ਮਿੰਨਤਾਂ ਮੁਕਾ ਦੇ ਨੀਂ ਪੁਆੜਾ
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ,
ਭੱਠੀ ਵਾਲੀਏ ।

ਤੈਨੂੰ ਦਿਆਂ ਹੰਝੂਆਂ ਦਾ ਭਾੜਾ,
ਨੀਂ ਦੁੱਖਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਸੌਂ ਗਈਆਂ ਹਵਾਵਾਂ ਰੋ-ਰੋ
ਕਰ ਵਿਰਲਾਪ ਨੀਂ ।
ਤਾਰਿਆਂ ਨੂੰ ਚੜ੍ਹ ਗਿਆ
ਮੱਠਾ-ਮੱਠਾ ਤਾਪ ਨੀਂ ।

ਜੰਜ ਸਾਹਵਾਂ ਦੀ ਦਾ ਰੁੱਸ ਗਿਆ ਲਾੜਾ
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਤੈਨੂੰ ਦਿਆਂ ਹੰਝੂਆਂ ਦਾ ਭਾੜਾ,
ਨੀਂ ਦੁੱਖਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

0 comments:

Post a Comment