ਮੇਰੀ ਰੂਹ ਦੇ ਭਾਂਬੜ ਕੱਡ ਗਿਆ ਸਿਵਾ ਮੱਚਦੇ ਯਾਰ ਦਾ ।
ਸ਼ੀਤ ਹਵਾਵਾਂ ਹੌਲ ਗਈਆਂ ਸੁਣ ਮਾਤਮ ਮੇਰੇ ਪਿਆਰ ਦਾ ।
ਉਹਦੇ ਹੱਢੀਂ ਕੋਲਾ ਮਘ ਰਿਹਾ ਜਿਵੇਂ ਆਇਰਨ ਕਿਸੇ ਲੁਹਾਰ ਦਾ,
ਧੁਸ ਜਾਣਾ ਚੱਮ ਵਿੱਚ ਸ਼ੂਕਦਾ, ਲੋਹ ਬਣਕੇ ਤਿੱਖੀ ਧਾਰ ਦਾ ।
ਧੁੱਪ ਪੱਲੜੇ ਕਰ ਕਰ ਵੇਖਦੀ, ਪੁੱਤ ਸਮਝੇ ਮੱਚਦੇ ਥਾਰ ਦਾ,
ਇਹਨੇ ਮੋਹ ਕਦ ਹੈ ਸੇਕਿਆ, ਇਹਦੇ ਦਿਲ ਵਿੱਚ ਮੱਚਦੀ ਠਾਰ ਦਾ ।
ਝੁੰਡ ਬੱਦਲਾਂ ਦੇ ਵੀ ਥਿੜ ਗਏ, ਘੁੰਡ ਕੱਢ ਕੇ ਛੁੱਟੜ ਨਾਰ ਦਾ,
ਤਿਰਕਾਲਾਂ ਆ ਆ ਸੇਕ ਗਈਆਂ, ਪਿੰਜਰ ਮੱਚਦਾ ਮੇਰੇ ਯਾਰ ਦਾ ।
ਵਹਿੰਦੇ ਦਰਿਆ ਠਹਿਰ ਗਏ, ਵੇਖ ਠੀਕਰ ਉਸਦੀ ਰਾਖ ਦਾ,
ਅਸੀਂ ਜ਼ਹਿਰਾਂ ਪਾ ਪਾ ਪੀ ਲਿਆ ਉਹਦੀ ਫੁੱਲਾਂ ਵਾਲੀ ਖਾਰ ਦਾ ।
ਰਹੇ ਨੇਤਰ ਜ਼ਰਦੇ ਰਾਤ ਤੱਕ ਮੇਰੇ ਸਿਰ ਨੂੰ ਚੜੀ ਖੁਮਾਰ ਦਾ,
ਉਹਦੇ ਬੁੱਝਦਿਆਂ ਬੁੱਝਦਿਆਂ ਲਾ ਗਏ ਅਸੀਂ ਦੀਵਾ ਕੌਲ ਕਰਾਰ ਦਾ ।

0 comments:
Post a Comment