,

ਕਰਜ਼




















ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿਛਲੀ ਸੰਗ ਵਰਗਾ ।
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਬੇਂ ਸੱਪ ਦੇ ਡੰਗ ਵਰਗਾ ।

ਮੈਂ ਚਾਹੁੰਦਾ ਅੱਜ ਦਾ ਗੋਰਾ ਦਿਨ
ਤਾਰੀਖ ਮੇਰੇ ਨਾਂ ਕਰ ਦੇਵੇ
ਇਹ ਦਿਨ ਤੇਰੇ ਅੱਜ ਰੰਗ ਵਰਗਾ
ਮੈਨੂੰ ਅਮਰ ਜਹਾਂ ਵਿਚ ਕਰ ਦੇਵੇ
ਮੇਰੀ ਮੌਤ ਦਾ ਜੁਰਮ ਕਬੂਲ ਕਰੇ
ਮੇਰਾ ਕਰਜ਼ ਤਲੀ ‘ਤੇ ਧਰ ਦੇਵੇ
ਇਹ ਧੁੱਪ ਦੇ ਪੀਲੇ ਕਾਗਜ਼ ਤੇ
ਦੋ ਹਰਫ਼ ਰਸੀਦੀ ਕਰ ਦੇਵੇ ।

ਮੇਰਾ ਹਰ ਦਿਹੁੰ ਦੇ ਸਿਰ ਕਰਜ਼ਾ ਹੈ
ਮੈਂ ਹਰ ਦਿਹੁੰ ਤੋਂ ਕੁਝ ਲੈਣਾ ਹੈ
ਜੇ ਜ਼ਰਬਾ ਦੇਵਾ ਵਹੀਆਂ ਨੂੰ
ਤਾਂ ਲੇਖਾ ਵਧਦਾ ਹੀ ਜਾਣਾ ਹੈ
ਮੇਰੇ ਤਨ ਦੀ ਕੱਲੀ ਕਿਰਨ ਲਈ
ਤੇਰਾ ਸੂਰਜ ਗਹਿਣੇ ਪੈਣਾ ਹੈ
ਤੇਰੇ ਚੁਲ੍ਹੇ ਅੱਗ ਨਾ ਬਲਣੀ ਹੈ
ਤੇਰਾ ਘੜੇ ਨਾ ਪਾਣੀ ਰਹਿਣਾ ਹੈ
ਇਹ ਦਿਨ ਤੇਰੇ ਅੱਜ ਰੰਗ ਵਰਗਾ
ਮੁੜ ਦਿਨ ਦੀਵੀਂ ਮਰ ਜਾਣਾ ਹੈ ।

ਮੈਂ ਚਾਹੁੰਦਾ ਅੱਜ ਦਾ ਗੋਰਾ ਦਿਨ
ਅਣਆਈ ਮੌਤ ਨਾ ਮਰ ਜਾਵੇ
ਮੈਂ ਚਾਹੁੰਦਾ ਇਸ ਦੇ ਚਾਨਣ ਤੋਂ
ਹਰ ਰਾਤ ਕੁਲਹਿਣੀ ਡਰ ਜਾਵੇ
ਮੈਂ ਚਾਹੁੰਦਾ ਕਿਸੇ ਤਿਜੋਰੀ ਦਾ
ਸੱਪ ਬਣ ਕੇ ਮੈਨੂੰ ਲੜ ਜਾਵੇ
ਜੋ ਕਰਜ਼ ਮੇਰਾ ਹੈ ਸਮਿਆਂ ਸਿਰ
ਉਹ ਬੇਸ਼ਕ ਸਾਰਾ ਮਰ ਜਾਵੇ
ਪਰ ਦਿਨ ਤੇਰੇ ਅੱਜ ਰੰਗ ਵਰਗਾ
ਤਾਰੀਖ਼ ਮੇਰੇ ਨਾਂ ਕਰ ਜਾਵੇ
ਇਸ ਧੁੱਪ ਦੇ ਪੀਲੇ ਕਾਗਜ਼ ‘ਤੇ
ਦੋ ਹਰਫ਼ ਰਸੀਦੀ ਕਰ ਜਾਵੇ ।

0 comments:

Post a Comment