,

ਰਿਸ਼ਮ ਰੁਪਹਿਲੀ




















ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ !
ਮੈਂ ਤੇਲ ਚੋਈ ਦਹਿਲੀਜ਼
ਸੱਜਣ ਤੇਰੇ ਦੁਆਰੇ ਦੀ !

ਅਸੀਂ ਮੁਬਾਰਿਕ ,
ਤੇਰੀ ਅੱਗ ਵਿਚ
ਪਹਿਲੋ ਪਹਿਲ ਨਹਾਤੇ
ਤੇਰੀ ਅੱਗ ਦੇ ਸਾਡੀ ਅੱਗ ਵਿਚ
ਅੱਜ ਤੱਕ ਬਲਣ ਮੁਆਤੇ
ਅੱਜ ਵੀ ਸਾਡੀ ,
ਅੱਗ ਚੋਂ ਆਵੇ --
ਮਹਿਕ ਤੇਰੇ ਚੰਗਿਆੜੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ !

ਸੱਜਣ ,
ਫੁੱਲ ਦੀ ਮਹਿਕ ਮਰੇ
ਪਰ ਅੱਗ ਦੀ ਮਹਿਕ ਨਾ ਮਰਦੀ
ਜਿਉਂ ਜਿਉਂ ਰੁੱਖ
ਉਮਰ ਦਾ ਸੁੱਕਦਾ ,
ਦੂਣ ਸਮਾਈ ਵਧਦੀ
ਅੱਗ ਦੀ ਮਹਿਕ ਮਰੇ ,
ਜੇ ਲੱਜਿਆ ,
ਮਰ ਜਾਏ ਦਰਦ ਕੁਆਰੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ !

ਅਸੀਂ ਤਾਂ ਸੱਜਣ ,
ਅੱਗ ਤੁਹਾਡੀ
ਪਰ ਅੰਗ ਕਦੇ ਨਾ ਘੋਲੀ
ਅੱਗ ਪਰਾਈ ,
ਸੰਗ ਸਾਡੀ ਲੱਜਿਆ
ਬੋਲ ਕਦੇ ਨਾ ਬੋਲੀ
ਭਾਵੇਂ ਅੱਗ ਅਮਾਨਤ ਸਾਡੀ
ਅੱਜ ਕਿਸੇ ਹੋਰ ਅੰਗਾਰੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ
ਮੈਂ ਤੇਲ ਚੋਈ ਦਹਿਲੀਜ
ਸੱਜਣ ਤੇਰੇ ਦੁਆਰੇ ਦੀ !

0 comments:

Post a Comment