,

ਇਕ ਸ਼ਾਮ




















ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਮੇਰੇ ਵਾਂਗ ਹੀ,
ਮਾਯੂਸ ਨਜ਼ਰ ਆਈ ਹੈ,
ਦਿਲ ਤੇ ਲੈ, ਘਟੀਆ ਜਹੇ
ਹੋਣ ਦਾ ਅਹਿਸਾਸ
ਕਾਹਵਾ-ਖਾਨੇ 'ਚ ਮੇਰੇ ਨਾਲ
ਚਲੀ ਆਈ ਹੈ !

ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਮੇਰੇ ਵਾਂਗ ਹੀ,
ਮਾਯੂਸ ਨਜ਼ਰ ਆਈ ਹੈ
ਅੱਜ  ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਇਕ ਡੈਣ,
ਨਜ਼ਰ ਆਈ ਹੈ
ਜੋ ਮੇਰੀ ਸੋਚ ਦੇ-
ਸਿਵਿਆਂ 'ਚ ਕਈ ਵਾਰ
ਮੈਨੂੰ ਨੰਗੀ-ਅਲਫ
ਘੁੰਮਦੀ ਨਜ਼ਰ ਆਈ ਹੈ
ਅੱਜ  ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਕਾਹਵਾ-ਖਾਨੇ 'ਚ ਮੇਰੇ ਨਾਲ
ਚਲੀ ਆਈ ਹੈ !

ਅੱਜ  ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਪਾਲਤੂ ਸੱਪ ਕੋਈ
ਮੈਨੂੰ ਨਜ਼ਰ ਆਈ ਹੈ
ਜੋ ਇਸ ਸ਼ਹਿਰ -ਸਪੇਰੇ ਦੀ
ਹੁਸੀਂ ਕੈਦ ਤੋਂ ਛੁੱਟ ਕੇ
ਮਾਰ ਕੇ ਡੰਗ, ਕਲੇਜੇ ਤੇ
ਹੁਣੇ ਆਈ ਹੈ
ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਕਾਹਵੇ-ਖਾਨੇ 'ਚ ਮੇਰੇ ਨਾਲ
ਚਲੀ ਆਈ ਹੈ !

ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਲੰਮੂਬੇ ਦੀ,
ਨਾਰ ਨਜ਼ਰ ਆਈ ਹੈ
ਜਿਦੀ ਮਾਂਗ ਚੋਂ ਜ਼ਰਦਾਰੀ ਨੇ
ਹਾਏ, ਪੂੰਝ ਕੇ ਸੰਧੂਰ
ਅਫਰੀਕਾ ਦੀ ਦਹਿਲੀਜ਼ ਤੇ
ਕਰ ਵਿਧਵਾ ਬਿਠਾਈ ਹੈ
ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਕਾਹਵੇ ਖਾਨੇ -ਚ
ਮੇਰੇ ਨਾਲ ਚਲੀ ਆਈ ਹੈ !

ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਐਸੇ ਮਨਹੂਸ,
ਤੇ ਬਦਸ਼ਕਲ ਸ਼ਹਿਰ ਆਈ ਹੈ
ਜਿਹੜੇ ਸ਼ਹਿਰ 'ਚ
ਇਸ ਦੁੱਧ ਮਿਲ ਕਾਹਵੇ ਦੇ ਰੰਗ ਦੀ
ਮਾਸੂਮ ਗੁਨਾਹ ਵਰਗੀ
ਮੁਹੱਬਤ ਮੈਂ ਗਵਾਈ ਹੈ
ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਮੇਰੇ ਵਾਂਗ ਹੀ
ਮਾਯੂਸ ਨਜ਼ਰ ਆਈ ਹੈ
ਦਿਲ ਤੇ ਲੈ ਘਟੀਆ ਜਹੇ
ਹੋਣ ਦਾ ਅਹਿਸਾਸ
ਕਾਹਵਾ-ਖਾਨੇ 'ਚ ਮੇਰੇ ਨਾਲ
ਚਲੀ ਆਈ  !

0 comments:

Post a Comment