,

ਕਵਿਤਾ
















ਕਈ ਸ਼ਬਦਾਂ ਦੇ ਸਾਗਰ ਰਿੜਕਿਆਂ,
ਇੱਕ ਸਤਰ ਬਣਦੀ ਏ ।
ਤੇ ਮੇਰੇ ਦੋਸਤ ਕਹਿੰਦੇ ਨੇ ,
ਇੱਕ ਪਲ ਵਿੱਚ ਮੁਕਾ ਦੇ ।
ਮੈਂ ਸਾਲਾਂ ਬੱਧੀ ਇਸ ਵਿੱਚ,
ਅਕਲ ਦੀ ਫੇਰੀ ਹੈ ਮਧਾਣੀ,
ਇਹ ਕਹਿੰਦੇ ਨੇ ਅੱਧਰਿੜਕਾ,
ਡੰਗਰਾਂ ਨੂੰ ਪਾ ਦੇ ।


ਸ਼ਬਦਾਂ ਦੇ ਗਜ਼ਲ ਬਨਣ ਦੀ,
ਦੋਸਤ ਬੜੀ ਲੰਮੀ ਏ ਕਹਾਣੀ ।
ਸਿੰਮ-ਸਿੰਮ ਕੇ ਪਰਬਤਾਂ ਚੋਂ ,
ਜਿਉਂ ਨਦੀਆਂ ਬਣਾਉਂਦਾ ਪਾਣੀ ।


ਇੰਝ ਹੀ ਤਾਂ ਸੋਚ ਦੀ ,
ਧੂਣੀ ਤਾਅ ਕੇ ਦੋਸਤੋ,
ਬਹਿੰਦੀ ਹੈ ਜਦ ਰੋਜ਼ ਹੀ,
ਪੀੜਾਂ ਦੀ ਕੋਈ ਸੁਆਣੀ ।
ਸੇਕਦੀ ਹੈ ਬਿਰਹੜਾ,
ਨੈਣਾ ਚੋਂ ਹੰਝੂ ਬਹਾਉਂਦੀ ,
ਇੱਕ ਕਲੀ ਮਹਿਕਾਂ ਤੋਂ ਸੱਖਣੀ,
ਇਸ਼ਟ ਆਪਣੇ ਨੂੰ ਚੜਾਉਂਦੀ ।


ਇਸ ਵਿਵਸਥਾ ਸਾਰ ਚੋਂ ,
ਫਿਰ ਇੱਕ ਸਿਰਲੇਖ ਨਿਕਲਦਾ ,
ਜਿਸ ਵਿਸ਼ਾ ਵਸਤੂ ਨੂੰ ਹੁੰਦੀ -
ਹੈ ਅਕਲ ਨਾਲ ਜਰਬ ਪਾਉਣੀ ।


ਫੇਰ ਮਨ ਵਿੱਚ ਸਾਂਭੀ ਹੋਈ,
ਪੀੜ ਦਾ ਹਰ ਹਿੰਦਸਾ ,
ਸਿੰਜਦਾ ਹੈ ਕਲਮ ਨੂੰ ਤੇ ,
ਵਰਕਿਆਂ ਤੇ ਉੱਕਰਦਾ ,
ਹਰ ਉਸ ਅਹਿਸਾਸ ਨੂੰ,
ਮਨ ਚ ਜੋ ਵੀ ਵਿਚਰਦਾ ।
ਹੁੰਦਾ ਹੈ ਇੱਕ ਹਾਦਸਾ,
ਜਦ ਟੁਰੇ ਖਸਮਾਂ ਨੂੰ ਖਾਣੀ ,
ਇੰਝ ਜਿਵੇਂ ਆਪਣੇ ਧੁਰੇ ਤੇ,
ਘੁੰਮਦੀ ਹੈ ਇਹ ਧਰਤ ਰਾਣੀ ।
ਇੰਝ ਆਪਣੇ ਮੋਢਿਆਂ ਤੇ ,
ਅੰਤਾਂ ਦਾ ਹੀ ਭਾਰ ਲੈ ਕੇ ,
ਦਰ-ਬ-ਦਰ ਹੀ ਘੁੰਮ ਰਹੀ ਹੈ,
ਕਵਿਤਾ ਮੇਰੇ ਦੋਸਤੋ,
ਪਰ ਮੈਂ ਹੁਣ ਚਾਹੁੰਦਾ ਵੀ ਹਾਂ,
ਇਸ ਵਿਥਿਆ ਨੂੰ ਗੰਢ ਪਾਉਣੀ ।


ਪਰ ਮੈਂ ਜੇ ਕੁਝ ਲਿਖ ਨਾ ਸਕਿਆ,
ਮੇਰੇ ਸਿਰ ਤੇ ਭਾਰ ਹੋਊ ।
ਮੇਰੇ ਗਮ ਦੇ ਬੂਟੜੇ ਨੂੰ,
ਫੁੱਲਾਂ ਦੀ ਤਾਂ ਖਾਰ ਹੋਊ ।

ਸ਼ਬਦਾਂ ਦੇ ਗਜ਼ਲ ਬਨਣ ਦੀ,
ਦੋਸਤ ਬੜੀ ਲੰਮੀ ਏ ਕਹਾਣੀ ।
ਸਿੰਮ-ਸਿੰਮ ਕੇ ਪਰਬਤਾਂ ਚੋਂ ,
ਜਿਉਂ ਨਦੀਆਂ ਬਣਾਉਂਦਾ ਪਾਣੀ ।

0 comments:

Post a Comment