ਤਿੜਕੇ ਸ਼ੀਸ਼ੇ ਸਹਿਮੇ ਚਿਹਰੇ ਬਿਖਰੇ ਮੰਜ਼ਰ ਦਿਸਦੇ ਨੇ ।
ਅੱਲ੍ਹਾ ਬਖਸ਼ੇ ਖ਼ਾਬ ਅਜੇਹੇ ਮੈਨੂੰ ਅਕਸਰ ਦਿਸਦੇ ਨੇ ।
ਖ਼ੌਫ਼ ਜਿਹਾ ਆਉਂਦਾ ਏ ਮੈਨੂੰ ਮਦਰੱਸੇ ਦੇ ਰਾਹਾਂ ਚੋਂ,
ਬਾਲਾਂ ਦੇ ਬਸਤੇ ਵਿੱਚ ਪੁਸਤਕ ਦੀ ਥਾਂ ਖ਼ੰਜਰ ਦਿਸਦੇ ਨੇ ।
ਕਾਲੀ ਬੋਲ਼ੀ ਰਾਤ ਸਰਾਪੀ ਪੌਣ ਚਿਰਾਗ਼ਾਂ ਦੀ ਹੋਣੀ,
ਰੋਵਾਂ ਜਦ ਵੀ ਛੱਬੀ ਸਾਲ ਪੁਰਾਣੇ ਚਿੱਤਰ ਦਿਸਦੇ ਨੇ ।
ਖ਼ੁਦ ਚੀਚੀ ਨੂੰ ਖ਼ੂਨ ਲਗਾ ਕੇ ਹੋਣ ਸ਼ੁਮਾਰ ਸ਼ਹੀਦਾਂ ਵਿੱਚ,
ਉਹ ਜਿਹਨਾਂ ਨੂੰ ਜ਼ਖ਼ਮ ਅਸਾਡੇ ਕੂੜ ਚਲਿੱਤਰ ਦਿਸਦੇ ਨੇ ।
ਇਹ ਕੀ ਅਜਬ ਤਮਾਸ਼ਾ 'ਗ਼ਾਫ਼ਿਲ' ,ਵਹਿਣ ਕਸੂਤਾ ਵਹਿੰਦਾ ਹੈ,
ਇੱਕ ਨਦੀ ਦਾ ਪਾਣੀ ਭਰਦੇ ਸੱਤ ਸਮੁੰਦਰ ਦਿਸਦੇ ਨੇ ।

0 comments:
Post a Comment