,

ਮੁੜ ਆਈ ਹਾਂ ਆਪਣੇ ਕੋਲ਼




















ਮੈਂ ਤੈਨੂੰ ਆਪਣੀ ਕਵਿਤਾ ਦਾ
ਨਾਇਕ ਮੰਨ ਬੈਠੀ ਸੀ .....
ਮੈਂ ਸੋਚਦੀ ਸੀ ਸ਼ਾਇਦ
ਦਿਲ ਤਾਂ ਧੜਕਦਾ ਵੀ ਤੂੰ ਨਾਲ਼ ਏਂ
ਮੈਂ ਮਾਂ ਨਾਲ਼ ਨਜ਼ਰਾਂ ਨ੍ਹੀ ਮਿਲਾਉਂਦੀ ਕਿਤੇ
ਤੈਨੂੰ ਮਾਂ ਨਾ ਵੇਖ ਲਏ ........
ਕਿਤੇ ਉਹ ਕਵਿਤਾ ਜੋ ਤੇਰੇ ਲਈ ਰਾਖਵੀਂ ਏ
ਸੁਰਮੇ ਨਾਲ਼ ਵਿਹ ਨਾ ਜਾਵੇ ......
ਪਰ ਨਹੀਂ .....ਨਹੀਂ ਮੇਰੇ ਮਹਿਬੂਬ
ਅਜਿਹਾ ਕੁੱਝ ਨਹੀਂ
ਕਵਿਤਾ ਤਾਂ ਹੁਣ ਵੀ ਲਿਖਦੀ ਹਾਂ
ਦਿਲ ਤਾਂ ਹੁਣ ਵੀ ਧੜਕਦਾ ਏ ,
ਮਾਂ ਨੇ ਤਾਂ ਮੇਰੀਆਂ ਬੰਦ ਅੱਖਾਂ ਚ ਵੀ
ਸਭ ਪੜ੍ਹ ਲਿਆ.......
ਹਾਲੋਂ ਬੇਹਾਲ ਹੋਈ ਨੂੰ ਬੁੱਕਲ ਚ ਲਿਆ
ਮੇਰੀਆਂ ਜ਼ੁਲਫਾਂ ਕੱਠੀਆਂ ਕਰੀਆਂ ਤੇ
ਕਿਹਾ ,'' ਕਿਉਂ ਲੱਭਦੀ ਏਂ ਅੰਨ੍ਹਿਆਂ ਥੇਹਾਂ ਚ ਰੱਬ,
ਇਹ ਜ਼ੁਲਫਾਂ ਦੇ ਨਾਗ ,ਪੱਥਰਾਂ ਨੂੰ ਨ੍ਹੀ ਡੱਸਦੇ ''
ਮੈਂ ਆਪਣੇ-ਆਪ ਤੋਂ ਦੂਰ ਹੋ
ਆ ਰਹੀ ਸੀ ਤੇਰੇ ਵੱਲ ,
ਤੇਰੀ ਬੇ-ਰੁਖੀ ਦੀ ਅੰਨ੍ਹੀ ਨ੍ਹੇਰੀ ਨੇ
ਵਗਾਹ ਮਾਰਿਆ ਤੈਥੋਂ ਕਿਤੇ ਦੂਰ .....
ਮੁੜ ਆਈ ਹਾਂ ਆਪਣੇ ਕੋਲ਼
ਕਦਰਾਂ ਗਵਾ ਕੇ ..........
ਮੁਹੱਬਤ ਲੁਟਾ ਕੇ..........

0 comments:

Post a Comment