,

ਮਰਿਯਾਦਾ
















ਪਤਾ ਨਹੀਂ ਗੁਰੂ ਜੀ
ਤੁਹਾਡੀ ਮੌਜ ਸੀ ਕਿ ਮਜਬੂਰੀ
ਚਾਰ ਸਿੰਘ ਬੁਲਾ ਲੈਂਦੇ
ਗੈਰ ਮਜ਼ਹਬ ਗਨੀ ਨਬੀ ਖਾਨਾਂ ਨੂੰ
ਕਾਹਨੂੰ ਚੁਕਾ ਤੁਰੇ ਮੰਜੀ
ਜਿਸ ਤੇ ਆਪ ਦੀ ਪਾਵਨ ਹਜ਼ੂਰੀ

ਪਰ ਤੁਸੀਂ ਤਾਂ ਦਰਬਾਰ ਵਿਚ ਵੀ
ਵੰਨ ਸੁਵੰਨੇ ਕਵੀ ਕਵੀਸ਼ਰਾਂ ਨੂੰ
ਚਮਲਾਈ ਰੱਖਦੇ ਸੀ
ਏਧਰ ਓਧਰ ਦੇ ਗੈਰ ਮਜ਼ਹਬਾਂ ਨੂੰ ਵੀ
ਗਾਉਣ ਲਾਈ ਰੱਖਦੇ ਸੀ
ਪਰ ਸਾਡੀ ਮਰਿਯਾਦਾ ਪੱਕੀ
ਬੈਠ ਕੇ ਗੁਰੂ ਦੇ ਕੋਲ
ਗਾਉਣ ਲਈ ਬਾਣੀ ਦੇ ਬੋਲ
ਮਰਦਾਨੇ-ਪੁੱਤਰ ਹੱਥ ਰਬਾਬ ਨਹੀਂ
ਗਾਤਰੇ ਕਿਰਪਾਨ ਜ਼ਰੂਰੀ

ਅਸੀਂ ਰਹਿਤ ਪੱਕੀ ਰੱਖਦੇ
ਰਹਿਤੀ ਹੱਥੋਂ ਹੀ ਛੱਕਦੇ
ਪੂਰਾ ਪਰਹੇਜ਼ ਕਰਦੇ ਹਾਂ
ਪਰ ਤੁਹਾਡੇ ਸਾਹਿਬਜ਼ਾਦਿਆਂ ਦਾ
ਲਿਹਾਜ਼ ਤੇ ਹੇਜ ਕਰਦੇ ਹਾਂ
ਕਿ ਉਹਨਾਂ ਦੀ ਸਿੱਖੀ
ਵਜ਼ੀਦੇ ਦੇ ਦਰਬਾਰ ਵਿਚ
ਸਰਹੰਦ ਦੀ ਦੀਵਾਰ ਵਿਚ
ਵੀ ਨਹੀਂ ਸੀ ਟੁੱਟੀ
ਪਰ ਸੱਚ ਪੁੱਛੋਂ ਉਹ ਸਿੱਖੀ ਤਾਂ
ਠੰਡੇ ਬੁਰਜ ਵਿਚ ਹੀ ਮੋਤੀ ਮਹਿਰੇ ਬੇਅੰਮ੍ਰਿਤੀਏ ਹੱਥੋਂ
ਦੁੱਧ ਪੀਣ ਨਾਲ ਗਈ ਸੀ ਭਿੱਟੀ
ਪਰ ਤੁਹਾਡੇ ਮੂੰਹ ਨੂੰ
ਅਜਿਹਾ ਕਹਿਣ ਤੋਂ ਗੁਰੇਜ਼ ਕਰਦੇ ਹਾਂ

ਤੁਸੀਂ ਬੜੀ ਘੌਲ਼ ਕੀਤੀ
ਅਸੀਂ ਮਰਿਯਾਦਾ ਅਨੁਸਾਰ
ਉਚੇਚੀ ਗੌਰ ਕੀਤੀ
ਮਾਤਾ ਗੁਜਰੀ ਦਾ ਨਾਂ ਗੁੱਜਰ ਕੌਰ ਕੀਤਾ
ਮਾਤਾ ਸੁੰਦਰੀ ਵੀ ਸੁੰਦਰ ਕੌਰ ਕੀਤੀ

ਗੁੱਸਾ ਨਾ ਕਰਨਾ
ਅਸੀਂ ਵਕਤ ਨੂੰ
ਸਾਡਾ ਪੁੱਠਾ ਗੇੜ ਚੜ੍ਹਾਉਣਾ ਹੈ
ਸੋਲਾਂ ਸੌ ਨੜਿਨਵੇਂ ਨੂੰ ਧੱਕ ਕੇ
ਚੌਦਾਂ ਸੌ ਉਣੱਤਰ ਤੇ ਪਹੁੰਚਾਉਣਾ ਹੈ
ਮਰਦਾਨੇ, ਰਾਏ ਬੁਲਾਰ, ਬਾਬੇ ਬੁੱਢੇ,
ਮੀਆਂ ਮੀਰ, ਭਾਈ ਗੁਰਦਾਸ ਨੂੰ
ਗੁਰੂ ਵਾਲੇ ਬਣਾਉਣਾ ਹੈ
ਪਹਿਲਾਂ 24 ਸਾਲਾ ਵਕਫਾ ਮਿਟਾਵਾਂਗੇ
ਮਤੀ ਸਤੀ ਦਾਸ ਦਿਆਲੇ ਨੂੰ ਸਿੰਘ ਸਜਾਵਾਂਗੇ

ਬੁੱਧੂ ਸ਼ਾਹ, ਘਨੱਈਏ, ਟੋਡਰ ਮੱਲ, ਨੂਰੇ ਮਾਹੀ ਦੀ ਵੀ
ਗੱਲ ਸਿਰੇ ਲਾ ਕੇ ਛੱਡਾਂਗੇ
ਭਾਈ ਨੰਦ ਲਾਲ ਸਣੇ 52 ਕਵੀਆਂ ਨੂੰ
ਅੰਮ੍ਰਿਤ ਛਕਾ ਕੇ ਛੱਡਾਂਗੇ

ਦੇਖੀਂ, ਪੰਥ ਤੇਰੇ ਦੀਆਂ ਗੂੰਜਾਂ ----------

0 comments:

Post a Comment