ਕਾਲਖਾਂ 'ਤੋਂ ਪਾਰ ਦੀ ਪਰਭਾਤ ਵਰਗਾ ਖ਼ਤ ਲਿਖੀਂ ।
ਇਸ ਖ਼ਤਾਂ ਦੀ ਔੜ ਵਿਚ ਬਰਸਾਤ ਵਰਗਾ ਖ਼ਤ ਲਿਖੀਂ ।
ਨਿੱਤਰੇ ਸ਼ਾਇਦ ਇਹ ਮੈਲੀ ਚੇਤਿਆਂ ਦੀ ਝੀਲ ਫਿਰ
ਤੂੰ ਚਿਰਾਂ ਦੀ ਭੁੱਲ ਚੁੱਕੀ ਬਾਤ ਵਰਗਾ ਖ਼ਤ ਲਿਖੀਂ ।
ਗੱਲ ਕਰੇਂ ਮੇਰੀ,ਮੇਰੀ ਤੌਫੀਕ਼ ਜੇਡੀ ਗੱਲ ਕਰੀਂ
ਖ਼ਤ ਲਿਖੇੰ ਮੈਨੂੰ ਮੇਰੀ ਔਕ਼ਾਤ ਵਰਗਾ ਖ਼ਤ ਲਿਖੀਂ ।
ਜੋ ਹੁਨਰ ਦੀ ਜ਼ਦ ਤੋਂ ਪਾਸੇ ,ਅਕਲ ਦੇ ਘੇਰੇ ਤੋਂ ਬਾਹਰ
ਤੂੰ ਕਿਸੇ ਮਾਸੂਮ ਦੇ ਜਜ਼ਬਾਤ ਵਰਗਾ ਖ਼ਤ ਲਿਖੀਂ ।
ਟਿਮਟਿਮਾਉਂਦਾ ਇਕ ਵੀ ਜੁਗਨੂੰ ਦਿਸ ਪਵੇ ਤਾਂ ਬੇਝਿਜਕ
ਘੁੱਪ ਨ੍ਹੇਰੀ ਮੱਸਿਆ ਦੀ ਰਾਤ ਵਰਗਾ ਖ਼ਤ ਲਿਖੀਂ ।

0 comments:
Post a Comment