ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ - ਗੁੰਮ ਹੈ - ਗੁੰਮ ਹੈ !
ਸਾਦ - ਮੁਰਾਦੀ ਸੁਹਣੀ ਫੱਬਤ
ਗੁੰਮ ਹੈ - ਗੁੰਮ ਹੈ - ਗੁੰਮ ਹੈ !
ਸੂਰਤ ਉਸ ਦੀ ਪਰੀਆਂ ਵਰਗੀ
ਸੀਰਤ ਦੀ ਉਹ ਮਰੀਅਮ ਲਗਦੀ
ਹਸਦੀ ਹੈ ਤਾਂ ਫੁੱਲ ਝੜਦੇ ਨੇ
ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਲੰਮ-ਸਲੰਮੀ ਸਰੂ ਕੱਦ ਦੀ
ਉਮਰ ਅਜੇ ਹੈ ਮਰ ਕੇ ਅੱਗ ਦੀ
ਪਰ ਨੈਣਾਂ ਦੀ ਗੱਲ ਸਮਝਦੀ !
ਗੁੰਮਿਆ ਜਨਮ ਜਨਮ ਹਨ ਹੋਏ
ਪਰ ਲੱਗਦੈ ਜਿਉਂ ਕੱਲ੍ਹ ਦੀ ਗੱਲ ਹੈ
ਇਉਂ ਲੱਗਦੈ ਜਿਉਂ ਅੱਜ ਦੀ ਗੱਲ ਹੈ,
ਇਉਂ ਲੱਗਦੈ ਜਿਉਂ ਹੁਣ ਦੀ ਗੱਲ ਹੈ
ਹੁਣੇ ਤਾਂ ਮੇਰੇ ਕੋਲ ਖੜੀ ਸੀ
ਹੁਣੇ ਤਾਂ ਮੇਰੇ ਕੋਲ ਨਹੀਂ ਹੈ
ਇਹ ਕੀਹ ਛਲ ਹੈ, ਇਹ ਕੇਹੀ ਭਟਕਣ
ਸੋਚ ਮੇਰੀ ਹੈਰਾਨ ਬੜੀ ਹੈ
ਨਜ਼ਰ ਮੇਰੀ ਹਰ ਆਉਂਦੇ ਜਾਂਦੇ
ਚਿਹਰੇ ਦਾ ਰੰਗ ਫੋਲ ਰਹੀ ਹੈ
ਓਸ ਕੁੜੀ ਨੂੰ ਟੋਲ ਰਹੀ ਹੈ।
ਸ਼ਾਝ ਢਲੇ ਬਾਜ਼ਾਰਾਂ ਦੇ ਜਦ
ਮੋੜਾਂ ਤੇ ਖੁਸ਼ਬੋ ਉੱਗਦੀ ਹੈ
ਵਿਹਲ, ਥਕਾਵਟ, ਬੇਚੈਨੀ ਜਦ
ਚੌਰਾਹਿਆਂ ‘ਤੇ ਆ ਜੁੜਦੀ ਹੈ
ਰੌਲੇ ਲਿੱਪੀ ਤਨਹਾਈ ਵਿਚ
ਓਸ ਕੁੜੀ ਦੀ ਥੁੜ ਖਾਦੀ ਹੈ
ਓਸ ਕੁੜੀ ਦੀ ਥੁੜ ਦਿੱਸਦੀ ਹੈ।
ਹਰ ਛਿਣ ਮੈਨੂੰ ਇੳਂ ਲੱਗਦਾ ਹੈ
ਹਰ ਦਿਨ ਮੈਨੂੰ ਇਉਂ ਲੱਗਦਾ ਹੈ
ਜੁੜੇ ਜਸ਼ਨ ਦੇ ਭੀੜਾਂ ਵਿਚੋਂ
ਜੁੜੀ ਮਹਿਕ ਦੇ ਝੁਰਮਟ ਵਿਚੋਂ
ਉਹ ਮੈਨੂੰ ਆਵਾਜ਼ ਦਵੇਗੀ
ਮੈਂ ਉਹਨੂੰ ਪਹਿਚਾਣ ਲਵਾਂਗਾ
ਉਹ ਮੈਨੂੰ ਪਹਿਚਾਣ ਲਵੇਗੀ
ਪਰ ਇਸ ਰੌਲੇ ਦੇ ਹੜ੍ਹ ਵਿਚੋਂ
ਕੋਈ ਮੈਨੂੰ ਆਵਾਜ਼ ਨਾ ਦੇਂਦਾ
ਕੋਈ ਵੀ ਮੇਰੇ ਵੱਲ ਨਾ ਵਿਹੰਦਾ
ਪਰ ਖੋਰੇ ਕਿਉਂ ਟਪਲਾ ਲੱਗਦਾ
ਪਰ ਖੋਰੇ ਕਿਉਂ ਝਉਲਾ ਪੈਂਦਾ
ਹਰ ਦਿਨ ਹਰ ਇਕ ਭੀੜ ਜੁੜੀ ‘ਚੋਂ
ਬੁੱਤ ਉਹਦਾ ਜਿਉਂ ਲੰਘ ਕੇ ਜਾਂਦਾ
ਪਰ ਮੈਨੂੰ ਹੀ ਨਜ਼ਰ ਨਾ ਆਉਂਦਾ
ਗੁੰਮ ਗਈ ਮੈਂ ਓਸ ਕੁੜੀ ਦੇ
ਚਿਹਰੇ ਦੇ ਵਿਚ ਗੁੰਮਿਆ ਰਹਿੰਦਾ
ਉਸ ਦੇ ਗਮ ਵਿਚ ਘੁਲਦਾ ਰਹਿੰਦਾ
ਉਸ ਦੇ ਗਮ ਵਿਚ ਖੁਰਦਾ ਜਾਂਦਾ !
ਓਸ ਕੁੜੀ ਨੂੰ ਮੇਰੀ ਸੌਂਹ ਹੈ
ਓਸ ਕੁੜੀ ਨੂੰ ਆਪਣੀ ਸੌਂਹ ਹੈ
ਓਸ ਕੁੜੀ ਨੂੰ ਸਭ ਦੀ ਸੌਂਹ ਹੈ
ਓਸ ਕੁੜੀ ਨੂੰ ਜੱਗ ਦੀ ਸੌਂਹ ਹੈ
ਓਸ ਕੁੜੀ ਨੂੰ ਰੱਬ ਦੀ ਸੌਂਹ ਹੈ
ਜੇ ਕਿਤੇ ਪੜ੍ਹਦੀ ਸੁਣਦੀ ਹੋਵੇ
ਜਿਉਂਦੀ ਜਾਂ ਉਹ ਮਰ ਰਹੀ ਹੋਵੇ
ਇਕ ਵਾਰੀ ਆ ਕੇ ਮਿਲ ਜਾਵੇ
ਵਫ਼ਾ ਮੇਰੀ ਨੂੰ ਦਾਗ ਨਾ ਲਾਵੇ
ਨਹੀਂ ਤਾਂ ਮੈਥੋਂ ਜੀਆ ਨਾ ਜਾਂਦਾ
ਗੀਤ ਕੋਈ ਲਿਖਿਆ ਨਾ ਜਾਂਦਾ।
ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ - ਗੁੰਮ ਹੈ - ਗੁੰਮ ਹੈ !
ਸਾਦ - ਮੁਰਾਦੀ ਸੁਹਣੀ ਫੱਬਤ
ਗੁੰਮ ਹੈ - ਗੁੰਮ ਹੈ - ਗੁੰਮ ਹੈ !

0 comments:
Post a Comment